ਬਿਹਾਰ- ਜ਼ਹਿਰੀਲੀ ਸ਼ਰਾਬ ਨੇ ਮਚਾਇਆ ਕਹਿਰ, 36 ਲੋਕਾਂ ਦੀ ਹੋਈ ਮੌਤ
ਬਿਹਾਰ ਦੇ 16 ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ ਇੱਕ ਔਰਤ ਸਮੇਤ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਸਵੇਰੇ ਸੀਵਾਨ ‘ਚ 3 ਅਤੇ ਸਾਰਨ ‘ਚ 2 ਲੋਕਾਂ ਦੀ ਮੌਤ ਹੋ ਗਈ। ਸੀਵਾਨ ਵਿੱਚ 26 ਅਤੇ ਸਾਰਨ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਵਾਨ ਵਿੱਚ 14 ਅਕਤੂਬਰ ਤੋਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਸਾਰਨ ਵਿੱਚ ਮਰਨ ਵਾਲੇ ਸਾਰੇ ਵਿਅਕਤੀਆਂ ਨੇ 15 ਅਕਤੂਬਰ ਨੂੰ ਸ਼ਰਾਬ ਪੀਤੀ ਸੀ।
44 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਵਾਨ ‘ਚ 5 ਅਤੇ ਸਾਰਨ ‘ਚ 2 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। 34 ਲੋਕ ਸੀਵਾਨ ਸਦਰ ਹਸਪਤਾਲ ‘ਚ ਦਾਖਲ ਹਨ, ਜਦਕਿ 1 ਵਿਅਕਤੀ ਛਪਰਾ ‘ਚ ਦਾਖਲ ਹੈ।
ਜਾਂਚ ਕਰਨ ਦੇ ਦਿੱਤੇ ਨਿਰਦੇਸ਼
ਸੀਐਮ ਨਿਤੀਸ਼ ਕੁਮਾਰ ਨੇ ਸ਼ਰਾਬ ਘੋਟਾਲੇ ਦਾ ਜਾਇਜ਼ਾ ਲਿਆ ਹੈ। ਡੀਜੀਪੀ ਨੂੰ ਪੂਰੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਮਨਾਹੀ, ਆਬਕਾਰੀ ਤੇ ਰਜਿਸਟ੍ਰੇਸ਼ਨ ਵਿਭਾਗ ਦੇ ਸਕੱਤਰ ਨੂੰ ਮੌਕੇ ‘ਤੇ ਜਾ ਕੇ ਸਮੁੱਚੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।
17 ਲੋਕਾਂ ਦਾ ਪੋਸਟਮਾਰਟਮ ਕੀਤਾ
ਪੁਲਸ ਮੁਤਾਬਕ 13 ਅਕਤੂਬਰ ਨੂੰ ਸੀਵਾਨ ਦੇ ਭਗਵਾਨਪੁਰ ਹਾਟ ‘ਚ ਕਈ ਲੋਕਾਂ ਨੇ ਵਿਕ ਰਹੀ ਸ਼ਰਾਬ ਪੀਤੀ ਸੀ। ਇਸ ਦੇ ਨਾਲ ਹੀ ਇਕ ਸਪਲਾਇਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਵੀ ਕੀਤੀ ਸੀ। ਸੀਵਾਨ ਵਿੱਚ 17 ਲੋਕਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਝ ਲੋਕਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਬਿਨਾਂ ਦੱਸੇ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਲਈ ਬਿਹਾਰ ਪੁਲਿਸ ਦੀ ਪ੍ਰੋਹਿਬਿਸ਼ਨ ਯੂਨਿਟ ਦੀ ਐਸਆਈਟੀ ਏਐਸਪੀ ਸੰਜੇ ਝਾਅ ਦੀ ਅਗਵਾਈ ਵਿੱਚ ਮੌਕੇ ‘ਤੇ ਪਹੁੰਚ ਗਈ ਹੈ।