ਯੂਪੀ ‘ਚ ਵੱਡਾ ਟ੍ਰੇਨ ਹਾਦਸਾ , ਪਟਰੀ ਤੋਂ ਉਤਰੀ ਡਿਬਰੂਗੜ੍ਹ ਟ੍ਰੇਨ , 5 ਦੀ ਹੋਈ ਮੌਤ
ਯੂਪੀ ਦੇ ਗੋਂਡਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ । ਜਿੱਥੇ ਕਿ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ 3 ਏਸੀ ਸਮੇਤ 15 ਡੱਬੇ ਪਟੜੀ ਤੋਂ ਉਤਰ ਗਏ। ਜਿਨ੍ਹਾਂ ‘ਚੋਂ 3 ਬੋਗੀਆਂ ਪਲਟ ਗਈਆਂ । ਇਸ ਹਾਦਸੇ ‘ਚ 5 ਯਾਤਰੀਆਂ ਦੀ ਮੌਤ ਹੋ ਗਈ ਹੈ। ਉੱਥੇ ਹੀ 25 ਯਾਤਰੀ ਜ਼ਖਮੀ ਹੋਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ 2 ਯਾਤਰੀਆਂ ਦੀਆਂ ਲੱਤਾਂ ਕੱਟੀਆਂ ਗਈਆਂ । ਜ਼ਖ਼ਮੀਆਂ ਵਿੱਚੋਂ ਜ਼ਿਆਦਾਤਰ ਏਸੀ ਕੋਚ ਵਿੱਚ ਸਵਾਰ ਦੱਸੇ ਜਾਂਦੇ ਹਨ। ਹਾਦਸੇ ਤੋਂ ਬਾਅਦ ਕਈ ਯਾਤਰੀਆਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਬਚਾਅ ਕਾਰਜ ਹੋਇਆ ਸ਼ੁਰੂ
ਜਿਸ ਤੋਂ ਬਾਅਦ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦਰਅਸਲ , ਇਹ ਰੇਲਗੱਡੀ ((15904)) ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਸੀ ਕਿ ਝਿਲਾਹੀ ਰੇਲਵੇ ਸਟੇਸ਼ਨ ਦੇ ਵਿਚਕਾਰ ਗੋਸਾਈ ਦਿਹਵਾ ਵਿਖੇ ਇਹ ਹਾਦਸਾ ਵਾਪਰ ਗਿਆ । ਜਿਸਦੀ ਅਯੁੱਧਿਆ ਤੋਂ ਦੂਰੀ 30 ਕਿਲੋਮੀਟਰ ਹੈ, ਜਦੋਂ ਕਿ ਲਖਨਊ ਤੋਂ 130 ਕਿਲੋਮੀਟਰ ਹੈ।
ਦੁਪਹਿਰ ਕਰੀਬ 2.30 ਵਜੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਇਹ ਟਰੇਨ ਰਾਤ 11:39 ‘ਤੇ ਚੰਡੀਗੜ੍ਹ ਤੋਂ ਰਵਾਨਾ ਹੋਈ ਅਤੇ ਦੁਪਹਿਰ ਨੂੰ ਜਿਲਾਹੀ ਸਟੇਸ਼ਨ ਨੇੜੇ ਪਲਟ ਗਈ । ਟਰੇਨ ‘ਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ- ਇਹ ਹਾਦਸਾ ਗੋਂਡਾ ਤੋਂ 20 ਕਿਲੋਮੀਟਰ ਦੂਰ ਦੁਪਹਿਰ ਕਰੀਬ 2.30 ਵਜੇ ਵਾਪਰਿਆ। ਮਾਨਕਪੁਰ ਸਟੇਸ਼ਨ ਇੱਥੋਂ 5 ਕਿਲੋਮੀਟਰ ਦੂਰ ਹੈ।
ਟਰੇਨ ਦੇ ਕਈ ਡੱਬੇ ਪਟੜੀ ਤੋਂ 100 ਮੀਟਰ ਦੂਰ ਤੱਕ ਡਿੱਗ ਗਏ
ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦੇ ਕਈ ਡੱਬੇ ਪਟੜੀ ਤੋਂ 100 ਮੀਟਰ ਦੂਰ ਤੱਕ ਡਿੱਗ ਗਏ। ਯਾਤਰੀ ਏਸੀ ਕੋਚ ਦੇ ਡੱਬਿਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲੇ । ਇਸ ਦੇ ਨਾਲ ਹੀ ਹਾਦਸੇ ਦੀ ਪਰੇਸ਼ਾਨ ਕਰਨ ਵਾਲੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਦੋ ਯਾਤਰੀਆਂ ਦੀਆਂ ਲੱਤਾਂ ਕੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜ਼ਖਮੀ ਯਾਤਰੀਆਂ ਨੂੰ ਉਨ੍ਹਾਂ ਦੇ ਬਿਸਤਰਾਂ ਤੋਂ ਚੁੱਕ ਕੇ ਘਟਨਾ ਵਾਲੀ ਥਾਂ ‘ਤੇ ਲਿਜਾਇਆ ਗਿਆ।
ਲੋਕਾਂ ਨੂੰ ਨੇੜਲੇ ਹਸਪਤਾਲਾਂ ‘ਚ ਕਰਵਾਇਆ ਜਾ ਰਿਹਾ ਦਾਖਲ
ਹਾਦਸੇ ਦੀ ਸੂਚਨਾ ਮਿਲਦੇ ਹੀ ਡੀ.ਐਮ ਨੇਹਾ ਸ਼ਰਮਾ ਮੌਕੇ ‘ਤੇ ਪਹੁੰਚੀ । ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਰਿਆਣਾ ‘ਚ ਸਾਰੀਆਂ ਸੀਟਾਂ ‘ਤੇ ਚੋਣਾਂ ਲੜੇਗੀ ਆਪ ਪਾਰਟੀ
ਅਸਾਮ ਦੇ ਮੁੱਖ ਮੰਤਰੀ ਡਾ. ਹਿਮਾਂਤਾ ਬਿਸਵਾ ਸਰਮਾ ਨੇ ਘਟਨਾ ਦੀ ਜਾਣਕਾਰੀ ਲਈ ਹੈ। ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਅਸਾਮ ਸਰਕਾਰ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।