ਮਾਣਹਾਨੀ ਮਾਮਲੇ ‘ਚ ਆਤਿਸ਼ੀ ਨੂੰ ਵੱਡੀ ਰਾਹਤ, 20 ਹਜ਼ਾਰ ਰੁ: ਦੇ ਮੁਚਲਕੇ ‘ਤੇ ਕੋਰਟ ਨੇ ਦਿੱਤੀ ਜ਼ਮਾਨਤ
‘ਆਪ’ ਨੇਤਾ ਆਤਿਸ਼ੀ ਨੂੰ ਮਾਣਹਾਨੀ ਮਾਮਲੇ ‘ਚ ਵੱਡੀ ਰਾਹਤ ਮਿਲੀ ਹੈ। ਦਿੱਲੀ ਕੋਰਟ ਨੇ ਆਤਿਸ਼ੀ ਨੂੰ ਜ਼ਮਾਨਤ ਬਾਂਡ ‘ਤੇ ਜ਼ਮਾਨਤ ਦਿੱਤੀ ਹੈ। ਦਰਅਸਲ , ਭਾਜਪਾ ਆਗੂ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਉਸ ਨੂੰ ਤਲਬ ਕੀਤਾ ਗਿਆ ਸੀ। ਮੰਗਲਵਾਰ ਨੂੰ ਉਹ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ‘ਚ ਪੇਸ਼ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।
‘ਆਪ’ ਵਿਧਾਇਕਾਂ ਨੂੰ ਪੈਸੇ ਦੇ ਕੇ ਤੋੜਨ ਦਾ ਦੋਸ਼ ਲਗਾਇਆ
ਭਾਜਪਾ ਦਾ ਦੋਸ਼ ਹੈ ਕਿ ਆਤਿਸ਼ੀ ਨੇ ਪਾਰਟੀ ‘ਤੇ ‘ਆਪ’ ਵਿਧਾਇਕਾਂ ਨੂੰ ਪੈਸੇ ਦੇ ਕੇ ਤੋੜਨ ਦਾ ਦੋਸ਼ ਲਗਾਇਆ ਹੈ। ਇਸ ਨਾਲ ਪਾਰਟੀ ਦਾ ਅਕਸ ਖਰਾਬ ਹੋਇਆ ਹੈ। BJP ਆਗੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਨੇ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ BJP ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਅਤੇ ਸੀਟ ਦਾ ਆਫਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਬਿਲਕੁਲ ਝੂਠੇ ਅਤੇ ਮਨਘੜਤ ਹਨ।
‘ਆਪ’ ਦੇ ਸਾਰੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਕੀਤਾ ਜਾ ਰਿਹਾ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਆਤਿਸ਼ੀ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਵੱਲੋਂ ਭੇਜੇ ਸੰਮਨ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਉਸਨੇ ਕਿਹਾ ਸੀ, ਮੈਂ ਕਿਹਾ ਸੀ ਕਿ ਉਹ ਹੁਣ ਆਤਿਸ਼ੀ ਨੂੰ ਗ੍ਰਿਫਤਾਰ ਕਰਨਗੇ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਸੀ ਕਿ ਪੂਰੀ ਤਰ੍ਹਾਂ ਕਮਜ਼ੋਰ ਤੇ ਝੂਠੇ ਕੇਸਾਂ ਵਿੱਚ ‘ਆਪ’ ਦੇ ਸਾਰੇ ਆਗੂਆਂ ਨੂੰ ਇੱਕ-ਇੱਕ ਕਰਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਆਤਿਸ਼ੀ ਨੂੰ ਮੁਆਫੀ ਮੰਗਣ ਲਈ ਦਿੱਤਾ ਕਾਨੂੰਨੀ ਨੋਟਿਸ
ਪ੍ਰਵੀਨ ਸ਼ੰਕਰ ਨੇ ਕਿਹਾ ਸੀ ਕਿ 2 ਅਪ੍ਰੈਲ ਨੂੰ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਬਿਆਨ ਦਿੱਤਾ ਸੀ ਕਿ ਭਾਜਪਾ ਨੇ ਉਸ ਨੂੰ ਇੱਕ ਅਜਿਹੇ ਵਿਅਕਤੀ ਰਾਹੀਂ ਪਾਰਟੀ ਵਿੱਚ ਸ਼ਾਮਲ ਕਰਨ ਲਈ ਕਿਹਾ ਸੀ, ਜੋ ਉਸ ਨੂੰ ਨਿੱਜੀ ਤੌਰ ‘ਤੇ ਜਾਣਦਾ ਸੀ ਅਤੇ ਪਾਰਟੀ ਦਾ ਮੈਂਬਰ ਸੀ। ਇਸ ਤੋਂ ਬਾਅਦ ਉਸੇ ਦਿਨ ਭਾਜਪਾ ਨੇ ਆਤਿਸ਼ੀ ਨੂੰ ਮੁਆਫੀ ਮੰਗਣ ਲਈ ਕਾਨੂੰਨੀ ਨੋਟਿਸ ਦਿੱਤਾ। ਜਦੋਂ ਉਸ ਨੇ ਮੁਆਫੀ ਨਹੀਂ ਮੰਗੀ ਤਾਂ ਅਸੀਂ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ।









