ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ , ਸਟੂਡੈਂਟ ਵੀਜ਼ਾ ਨਿਯਮਾਂ ‘ਚ ਵਧੀ ਸਖ਼ਤਾਈ || Today news
ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੇ ਨਿਯਮਾਂ ‘ਚ ਸਖ਼ਤੀ ਹੋਰ ਵਧਾ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜਾਂ ਵਧਾਉਣ ਦਾ ਇਹ ਫੈਸਲਾ ਦੇਸ਼ ‘ਚ ਵਧਦੇ ਪ੍ਰਵਾਸ ਤੇ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮੱਦੇਨਜ਼ਰ ਲਿਆ ਗਿਆ ਹੈ | ਨਵੇਂ ਬਣੇ ਨਿਯਮਾਂ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਲੈਣ ਲਈ ਘੱਟੋ-ਘੱਟ 29,710 ਆਸਟ੍ਰੇਲੀਅਨ ਡਾਲਰ ਦੀ ਬਚਤ ਦਿਖਾਉਣੀ ਲਾਜ਼ਮੀ ਹੋਵੇਗੀ।
ਦੂਜੀ ਵਾਰ ਕੀਤਾ ਗਿਆ ਵਾਧਾ
ਦੱਸ ਦਈਏ ਕਿ ਕਰੀਬ ਸੱਤ ਮਹੀਨਿਆਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਇਸ ਨੂੰ 21,041 ਤੋਂ ਵਧਾ ਕੇ 24,505 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਗਿਆ ਸੀ।
ਆਸਟ੍ਰੇਲੀਅਨ ਰੈਂਟਲ ਮਾਰਕੀਟ ‘ਤੇ ਮਾਈਗ੍ਰੇਸ਼ਨ ਵਿੱਚ ਵਾਧੇ ਕਾਰਨ ਦਬਾਅ ਬਣਿਆ ਹੋਇਆ ਹੈ। ਵਿੱਤੀ ਲੋੜਾਂ ਤੋਂ ਇਲਾਵਾ ਆਸਟ੍ਰੇਲੀਆਈ ਸਰਕਾਰ ਨੇ ਮਾਰਚ ਵਿੱਚ ਵਿਦਿਆਰਥੀ ਵੀਜ਼ੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਵਿੱਚ ਵੀ ਵਾਧਾ ਕੀਤਾ ਅਤੇ ਵੱਖ-ਵੱਖ ਨੀਤੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਠਹਿਰਾਅ ਨੂੰ ਲੰਮਾ ਕਰਨ ਤੋਂ ਰੋਕਣ ਲਈ ਨੀਤੀਆਂ ਲਾਗੂ ਕਰ ਰਹੀ ਹੈ।
ਆਈਲੈਟਸ ਸਕੋਰ ਵਿੱਚ ਕੀਤਾ ਵਾਧਾ
ਧਿਆਨਯੋਗ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੀ ਵੈਧਤਾ ਮਿਆਦ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ। ਉੱਥੇ ਹੀ ਅਸਥਾਈ ਗ੍ਰੈਜੂਏਟ ਵੀਜ਼ਾ ਲਈ ਲੋੜੀਂਦੇ ਆਈਲੈਟਸ ਸਕੋਰ ਵਿੱਚ 6.0 ਤੋਂ 6.5 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਗੂਲਰ ਵਿਦਿਆਰਥੀ ਵੀਜ਼ਾ ਲਈ ਇਹ ਸਕੋਰ 5.5 ਤੋਂ ਵਧ ਕੇ 6.0 ਹੋ ਗਿਆ ਹੈ। ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਇੱਕ ਨਵਾਂ “Genuine Student Test” ਦੇਣ ਦੀ ਲੋੜ ਹੁੰਦੀ ਹੈ। ਇਹ ਟੈਸਟ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਉਨ੍ਹਾਂ ਦੇ ਇਰਾਦਿਆਂ ਦਾ ਮੁਲਾਂਕਣ ਕਰਦਾ ਹੈ |









