ਕਬੱਡੀ ਜਗਤ ਨੂੰ ਵੱਡਾ ਘਾਟਾ, ਸੱਪ ਦੇ ਡੱਸਣ ਕਾਰਨ ਕਬੱਡੀ ਖਿਡਾਰੀ ਦੀ ਹੋਈ ਮੌਤ
ਕਬੱਡੀ ਜਗਤ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਬਨੂੜ ਦੇ ਜੰਮ ਪਲ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੀ ਸੱਪ ਦੇ ਡੱਸਣ ਕਾਰਨ ਮੌਤ ਗਈ ਹੈ | ਦਰਅਸਲ , ਕੁਝ ਦਿਨ ਪਹਿਲਾ ਖਿਡਾਰੀ ਨੂੰ ਸੱਪ ਨੇ ਡੱਸ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ | ਜਿੱਥੇ ਖਿਡਾਰੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮੀਨੂੰ ਦੀ ਮੌਤ ਕਾਰਨ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ |
ਦੇਰ ਰਾਤ ਹੋਈ ਮੌਤ
ਕੌਂਸਲਰ ਭਜਨ ਲਾਲਾ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ (30) ਪੁੱਤਰ ਹਦੈਤ ਰਾਮ ਕੁਝ ਦਿਨ ਪਹਿਲਾਂ ਪਸ਼ੂਆਂ ਲਈ ਚਾਰਾ ਵੱਢਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੱਸ ਲਿਆ। ਇਸ ਸਬੰਧੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜੋ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਰਾਬ ਹੁੰਦੀ ਵੇਖ ਕੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।
ਮੀਨੂੰ ਦੇ ਸਿਰ ਉੱਤੇ ਚਮਕਦਾ ਸੀ ਸ਼ਹਿਰ ਦਾ ਨਾਂ
ਮੀਨੂੰ ਨਾਲ ਖੇਡਦੇ ਖਿਡਾਰੀਆਂ ਤੇ ਉਸ ਦੇ ਸਾਥੀ ਬਬਲੂ ਬਨੂੜ ਨੇ ਦੱਸਿਆ ਕਿ ਮੀਨੂੰ ਨੇ ਸਕੂਲ ਸਮੇਂ ਤੋਂ ਉਨ੍ਹਾਂ ਨਾਲ 45 ਕਿੱਲੋ ਵਰਗ ਤੋਂ ਖੇਡਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਅੱਗੇ ਵੱਧਦਾ ਗਿਆ। ਉਨ੍ਹਾਂ ਕਿਹਾ ਕਿ ਮੀਨੂੰ ਦੇ ਸਿਰ ਉੱਤੇ ਬਨੂੜ ਦਾ ਨਾਂ ਚਮਕਦਾ ਸੀ ਕਿਉਂਕਿ ਉਸਦੇ ਦਮ ’ਤੇ ਹਰ ਜਗ੍ਹਾ ਬਨੂੜ ਦੀ ਟੀਮ ਦਾ ਨਾਂ ਪੈਂਦਾ ਸੀ। ਮੀਨੂੰ ਦੀ ਮੌਤ ਦੀ ਖਬਰ ਜਿਉਂ ਹੀ ਸ਼ਹਿਰ ਵਿਚ ਫੈਲੀ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਘਰ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿਚ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੀਆਂ ਹਨ। ਕਬੱਡੀ ਦੇ ਉੱਘੇ ਖਿਡਾਰੀ ਅਤੇ ਪੀ. ਐੱਸ. ਐੱਚ. ਸੀ. ਦੇ ਉੱਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਕਬੱਡੀ ਖਿਡਾਰੀ ਦੀ ਮੌਤ ’ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।