ਲੁਧਿਆਣਾ – ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦਾ ਵੱਡਾ ਫੈਸਲਾ, ਹਰ ਐਤਵਾਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ
ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ। ਇਹ ਫੈਸਲਾ 18 ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ। ਸਾਰਿਆਂ ਨੇ ਆਪਣੇ ਖਰਚੇ ਘਟਾਉਣ ਲਈ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਨਹੀਂ ਕਰ ਰਹੀ, ਜਿਸ ਕਾਰਨ ਹੁਣ ਐਸੋਸੀਏਸ਼ਨ ਸੰਘਰਸ਼ ਕਰੇਗੀ। ਇਸ ਵੇਲੇ 2 ਫੀਸਦੀ ਕਮਿਸ਼ਨ ਦਿੱਤਾ ਜਾ ਰਿਹਾ ਹੈ ਜਦਕਿ 5 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।
ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ‘ਤੇ ਚੁੱਪ
ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਕਮਿਸ਼ਨ ਨਹੀਂ ਵਧਿਆ,
ਸਾਰੇ ਕਾਰੋਬਾਰੀਆਂ ਦਾ ਕਮਿਸ਼ਨ ਵਧ ਰਿਹਾ ਹੈ, ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਅੱਜ 80 ਰੁਪਏ ਦੀ ਕੀਮਤ ਵਾਲੀ ਵਸਤੂ 120 ਰੁਪਏ ਤੱਕ ਪਹੁੰਚ ਗਈ ਹੈ ਪਰ ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ‘ਤੇ ਚੁੱਪ ਹੈ।
ਇਹ ਵੀ ਪੜ੍ਹੋ: ਗੋਲਡਨ ਆਰਮ ਨੀਰਜ ਤੋਂ ਅੱਜ ਸੋਨ ਤਮਗੇ ਦੀ ਉਮੀਦ, 11:55 ਵਜੇ ਜੈਵਲਿਨ-ਥਰੋਅ ਫਾਈਨਲ ਮੈਚ
ਪਿਛਲੇ 5 ਮਹੀਨਿਆਂ ਤੋਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ ‘ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾਇਆ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।
ਐਮਰਜੈਂਸੀ ਸੇਵਾ ਚਾਲੂ ਰਹੇਗੀ
ਗਾਂਧੀ ਨੇ ਕਿਹਾ ਕਿ ਹਫਤਾਵਾਰੀ ਛੁੱਟੀ ਵਾਲੇ ਦਿਨ ਵੀ ਐਮਰਜੈਂਸੀ ਸੇਵਾ ਚਾਲੂ ਰਹੇਗੀ। ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਫ਼ਿਲਹਾਲ ਅੱਜ ਜ਼ਿਲ੍ਹਾ ਪੱਧਰ ‘ਤੇ ਮੀਟਿੰਗ ਰੱਖੀ ਗਈ ਹੈ, ਜਲਦ ਹੀ ਪੰਜਾਬ ਪੱਧਰ ਅਤੇ ਸੂਬਾ ਪੱਧਰ ‘ਤੇ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ |