ਬੰਗਲਾਦੇਸ਼ ਤੋਂ ਵੱਡੀ ਖਬਰ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਅਸਤੀਫ਼ੇ ਦਾ ਕੀਤਾ ਐਲਾਨ
ਬੰਗਲਾਦੇਸ਼ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਸਵੇਰੇ ਸੁਪਰੀਮ ਕੋਰਟ ਦਾ ਘਿਰਾਓ ਕੀਤਾ। ਉਥੇ ਪ੍ਰਦਰਸ਼ਨਕਾਰੀ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਸਨ। ਵਿਦਿਆਰਥੀਆਂ ਨੇ ਕਿਹਾ, “ਜੇਕਰ ਜੱਜ ਅਸਤੀਫ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਹਸੀਨਾ ਵਾਂਗ ਕੁਰਸੀਆਂ ਤੋਂ ਲਾਹ ਲਿਆ ਜਾਵੇਗਾ।” ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਸੁਪਰੀਮ ਕੋਰਟ ਦੇ ਜੱਜ ਦੀ ਹਸੀਨਾ ਨਾਲ ਮਿਲੀਭੁਗਤ ਹੈ।
ਇਨ੍ਹਾਂ ਜੱਜਾਂ ਨੇ ਅੰਤਰਿਮ ਸਰਕਾਰ ਨੂੰ ਪੁੱਛੇ ਬਿਨਾਂ ਸ਼ਨੀਵਾਰ ਨੂੰ ਪੂਰੀ ਅਦਾਲਤ ਦੀ ਬੈਠਕ ਬੁਲਾਈ। ਇਸ ਮੀਟਿੰਗ ਕਾਰਨ ਪ੍ਰਦਰਸ਼ਨਕਾਰੀਆਂ ਨੇ ਇੱਕ ਘੰਟੇ ਵਿੱਚ ਹੀ ਜੱਜਾਂ ਦੇ ਅਸਤੀਫੇ ਦੀ ਮੰਗ ਕੀਤੀ।
ਢਾਕਾ ‘ਚ ਉਨ੍ਹਾਂ ਖਿਲਾਫ ਕੀਤਾ ਪ੍ਰਦਰਸ਼ਨ
ਇਸ ਦੇ ਨਾਲ ਹੀ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਸਾ, ਲੁੱਟਮਾਰ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਧ ਗਈਆਂ ਹਨ। ਹਿੰਦੂ ਜਾਗਰਣ ਮੰਚ ਨੇ ਸ਼ੁੱਕਰਵਾਰ ਨੂੰ ਢਾਕਾ ‘ਚ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ। ਬੰਗਾਲੀ ਅਖਬਾਰ ਮੁਤਾਬਕ ਹਜ਼ਾਰਾਂ ਲੋਕ ਸ਼ਾਹਬਾਗ ਚੌਕ ‘ਤੇ ਇਕੱਠੇ ਹੋਏ ਅਤੇ ਹਿੰਸਾ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਹਰੇ ਕ੍ਰਿਸ਼ਨ-ਹਰੇ ਰਾਮ ਦੇ ਨਾਅਰੇ ਵੀ ਲਾਏ।