ਪਿੰਡ ਦਾ ਮਹੌਲ – ਕਿਤੇ ਭੁੱਲ ਤਾਂ ਨਹੀਂ ਗਏ ਸੱਥਾਂ ਨੂੰ || Creative|| Punjab

0
62

ਪਿੰਡ ਦਾ ਮਹੌਲ – ਕਿਤੇ ਭੁੱਲ ਤਾਂ ਨਹੀਂ ਗਏ ਸੱਥਾਂ ਨੂੰ

ਪਿੰਡ ਦੀ ਸੱਥ ਕਿਸੇ ਵੀ ਪਿੰਡ ਦਾ ਕੇਂਦਰੀ ਸਥਾਨ ਹੁੰਦੀ ਹੈ ਤੇ ਸਭ ਵਾਸਤੇ ਸਾਂਝੀ ਤੇ ਜਾਣੀ-ਪਛਾਣੀ ਥਾਂ ਵਜੋਂ ਜਾਣੀ ਜਾਂਦੀ ਹੈ। ਕਹਿੰਦੇ ਹਨ ਕਿ ਪਿੰਡ ਦੀ ਸੱਥ ਵਿਚ ਪਿੰਡ ਦੀ ਅਸਲ ਰੂਹ ਧੜਕ ਰਹੀ ਹੁੰਦੀ ਹੈ। ਉਸ ਸਮੇਂ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ, ਨਾ ਹੀ ਬਿਜਲੀ, ਪੱਖੇ, ਏਸੀ, ਕੂਲਰ, ਰੇਡੀਉ, ਟੈਲੀਵੀਜ਼ਨ, ਫ਼ਿਲਮਾਂ ਆਦਿ ਸਨ। ਸਾਡੇ ਪਿੰਡ ਦੇ ਲੋਕ ਪਿੱਪਲ ਤੇ ਬੋਹੜ ਦੀ ਛਾਂ ਹੇਠ ਜੋ ਥੜਾ ਬਣਿਆ ਹੁੰਦਾ ਸੀ ਬੈਠ ਕੇ ਖੁੰਡ ਚਰਚਾ ਕਰਦੇ ਸਨ। ਤਾਸ਼ ਖੇਡਦੇ ਮਨੋਰੰਜਨ ਕਰਦੇ ਸਨ ਤੇ ਇਕ ਦੂਜੇ ਨੂੰ ਹੱਸਾਂ ਠੱਠਾ ਮਖੌਲ ਕਰਦੇ ਸਨ। ਪੂਰੀ ਦੁਨੀਆਂ ਦੀ ਰਾਜਨੀਤੀ ਉਸ ਸੱਥ ਤੋਂ ਮਿਲ ਜਾਂਦੀ ਸੀ। ਸੱਥ ਸਾਡੇ ਸਮਾਜ ਸਭਿਆਚਾਰ ਦਾ ਵਡਮੁੱਲਾ ਅਤੇ ਅਨਿੱਖੜਵਾਂ ਅੰਗ ਸੀ। ਜਦੋਂ ਕੋਈ ਘਰ ਦਾ ਮੈਂਬਰ ਨਾ ਮਿਲਣਾ ਉਹ ਸੱਥ ਵਿਚ ਮਿਲ ਜਾਂਦਾ ਸੀ।

ਲੋਕ ਅਪਣਾ ਮਨੋਰੰਜਨ ਸੱਥ ਵਿਚ ਬੈਠ ਹੀ ਕਰਦੇ ਸੀ। ਫਿਰ ਬਿਜਲੀ ਆਈ ਇਸ ਤੋਂ ਬਾਅਦ ਸਿਰਫ਼ ਪੰਚਾਇਤੀ ਲਾਊਡ ਸਪੀਕਰ ਆਏ। ਕਿਸੇ ਮੰਡੇ ਕੁੜੀ ਦੀ ਜੁਅਰਤ ਨਹੀਂ ਸੀ ਸੱਥ ਕੋਲੋਂ ਕੋਈ ਨੰਗੇ ਸਿਰ ਲੰਘ ਜਾਵੇ।

ਸਾਡੇ ਪਿੰਡ ਦਾ ਇਕ ਬੰਦਾ ਜੋ ਰੋਜ਼ਾਨਾ ਕੰਮ ਤੇ ਸ਼ਹਿਰ ਜਾਂਦਾ ਸੀ ਵਾਪਸੀ ਤੇ ਉਹ ਸਾਰੀਆਂ ਖ਼ਬਰਾਂ ਸ਼ਹਿਰ ਦੀਆਂ ਸੱਥ ਵਿਚ ਬੈਠੇ ਲੋਕਾਂ ਨੂੰ ਸੁਣਾਉਂਦਾ ਸੀ।

ਇਹ ਵੀ ਪੜ੍ਹੋ: ਕਿਸਾਨ ਸ਼ੁਭਕਰਨ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ, ਸੌਂਪਿਆ 1 ਕਰੋੜ ਰੁਪਏ ਦਾ ਚੈੱਕ 

ਚੋਣਾਂ ਹੋ ਰਹੀਆਂ ਹਨ। ਹੁਣ ਮੈਂ ਟੈਲੀਵੀਜ਼ਨ ਤੇ ਕਿਸੇ ਪਿੰਡ ਦੀ ਸੱਥ ਵਿਚ ਬੈਠੇ ਬੰਦਿਆਂ ਨਾਲ ਪੱਤਰਕਾਰ ਦੀ ਹੋਈ ਸਿੱਧੀ ਗੱਲਬਾਤ ਸੁਣ ਰਿਹਾ ਸੀ। ਇਕ ਛੜਾ ਕਹਿ ਰਿਹਾ ਸੀ। ਸਾਨੂੰ ਛੜਿਆਂ ਨੂੰ ਵੀ ਜੋ ਪਾਰਟੀ ਚੋਣਾਂ ਜਿੱਤੇ ਪੈਨਸ਼ਨ ਦੇਣੀ ਚਾਹੀਦੀ ਹੈ।ਉਸ ਦੇ ਨਾਲ ਹੀ ਇਕ ਹੋਰ ਛੜਾ ਬੈਠਾ ਸੀ ਜਿਸ ਨੇ ਉਸ ਦੀ ਹਾਮੀ ਭਰੀ। ਪੱਤਰਕਾਰ ਨੇ ਉਸ ਨੂੰ ਪੁਛਿਆ ਤੂੰ ਵੀ ਛੜਾ ਹਂੈ? ਉਹ ਕਹਿੰਦਾ ਨਹੀ ਮੈਂ ਕਵਾਰਾ ਹਾਂ। ਪੱਤਰਕਾਰ ਕਹਿੰਦਾ ਕਿੰਨੀ ਉਮਰ ਹੈ? ਇਕ ਵੱਡੀ ਉਮਰ ਦੇ ਬੰਦੇ ਵਲ ਇਸ਼ਾਰਾ ਕਰ ਕਹਿੰਦਾ ਉਹਦੇ ਜਿੰਨੀ। ਸਾਰੇ ਸੱਥ ਵਿਚ ਬੈਠੇ ਬੰਦੇ ਹੱਸ ਪਏ। ਹੁਣ ਨਵੀਂ ਕਰਾਂਤੀ ਆਉਣ ਨਾਲ ਮਨੋਰੰਜਨ ਵਾਸਤੇ ਮੋਬਾਈਲ, ਇੰਟਰਨੈੱਟ ਆ ਗਏ ਹਨ। ਦੁਨੀਆਂ ਦੀ ਤੁਸੀ ਕੋਈ ਵੀ ਚੀਜ਼ ਗੂਗਲ, ਯੂ ਟਿਊਬ ਦੇ ਮਧਿਅਮ ਰਾਹੀਂ ਦੇਖ ਸਕਦੇ ਹੋ। ਹੁਣ ਨਾ ਹੀ ਦਰੱਖ਼ਤ ਤੇ ਨਾ ਹੀ ਦਰੱਖ਼ਤਾਂ ਥੱਲੇ ਬਹਿਣ ਵਾਲੀਆਂ ਸੱਥਾਂ ਵਾਲੇ ਲੋਕ। ਪਹਿਲਾਂ ਬੱਚੇ ਦੇਸੀ ਖੇਡਾਂ ਖੇਡ ਮਨੋਰੰਜਨ ਕਰ ਤੰਦਰੁਸਤ ਰਹਿੰਦੇ ਸੀ ਕੋਈ ਬੀਮਾਰੀ ਨੇੜੇ ਨਹੀਂ ਸੀ ਆਉਦੀ। ਨਵੀ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਰਾਹੀਂ ਜੋੜਨਾ ਚਾਹੀਦਾ ਹੈ।

ਸਿੱਧ ਲੋਕਧਾਰਾ ਵਿਗਿਆਨੀ ਡਾ.ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ-“ਪਿੰਡ ਵਿਚ ਉਹ ਸਾਂਝੀ ਥਾਂ ਜਿਥੇ ਲੋਕੀਂ ਵਿਹਲੀਆਂ ਘੜੀਆਂ ਵਿਚ ਉੱਠਦੇ ਬੈਠਦੇ ਹਨ। ਪਿੰਡ ਦੀ ਪੰਚਾਇਤ, ਕਿਸੇ ਮਾਮਲੇ ਉੱਤੇ ਵਿਚਾਰ ਕਰਨ ਵੇਲੇ, ਸੱਥ ਵਿਚ ਹੀ ਜੁੜਦੀ ਹੈ ਅਤੇ ਪਿੰਡ ਦੇ ਬਹੁਤੇ ਝਗੜੇ ਸੱਥ ਵਿਚ ਹੀ ਨਜਿੱਠੇ ਜਾਂਦੇ ਹਨ।…ਸਰਦੀਆਂ ਵਿਚ ਚੋਖੀ ਰਾਤ ਤੱਕ ਸੱਥ ਵਿਚ ਧੂਣੀ ਬਾਲ ਕੇ ਸੇਕੀ ਜਾਂਦੀ ਹੈ ਅਤੇ ਗੱਲਾਂ ਦੇ ਜਾਲ ਬੁਣ ਕੇ ਖੰਭਾਂ ਦੀਆਂ ਡਾਰਾਂ ਬਣਾਈਆਂ ਜਾਂਦੀਆਂ ਹਨ। ਇਸ ਦ੍ਰਿਸ਼ਟੀ ਤੋਂ ਸੱਥ ਪਿੰਡ ਦਾ ਰੰਗ ਮੰਚ ਹੈ, ਜਿਥੇ ਪਿੰਡ ਦੀ ਆਤਮਾ ਕਦੇ ਸਵਾਂਗ ਧਾਰ ਕੇ ਤੇ ਕਦੇ ਨੰਗੇ ਪਿੰਡੇ ਵਿਚਰਦੀ ਹੈ…।”

ਗਪੌੜੀ, ਅਮਲੀ, ਚੁਟਕਲੇ ਸੁਣਾਉਣ ਵਾਲੇ ਅਤੇ ਗੱਲਾਂ ਨੂੰ ਰੌਚਕ ਬਿਰਤਾਂਤ ਬਣਾ ਕੇ ਪੇਸ਼ ਕਰਨ ਵਾਲੇ ਲੋਕ ਸੱਥ ਵਿਚ ਮਾਣ-ਸਨਮਾਨ ਹਾਸਲ ਕਰਦੇ ਹਨ। ਜ਼ਿੰਦਗੀ ਦੇ ਕਿੱਸਿਆਂ ਨੂੰ ਉਤਸੁਕਤਾ ਭਰਪੂਰ ਰਸ ਰੰਗ ਨਾਲ ਸ਼ਿੰਗਾਰ ਕੇ ਬਿਆਨ ਕਰਨ ਦੀ ਕਲਾ ਵਿਚ ਮਾਹਿਰ ਲੋਕ ਸੱਥ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾ ਲੈਂਦੇ ਹਨ। ਸੱਥ ਵਿੱੱਚ ਮਹਿਫ਼ਲ ਸੱਜਦੀ ਹੈ। ਬਿਨਾਂ ਕਿਸੇ ਸੰਗ-ਸੰਕੋਚ ਤੋਂ ਲੋਕ ਆਪਣੀ ਗੱਲ ਕਹਿ ਸੁਣਾਉਂਦੇ ਹਨ। ਉੱਥੇ ਬਾਤ ਦਾ ਬਤੰਗੜ ਵੀ ਬਣਦਾ ਹੈ, ਰਾਈ ਦਾ ਪਹਾੜ ਬਣਾ ਕੇ ਤੇ ਰੱਸੀਆਂ ਦੇ ਸੱਪ ਬਣਾ ਕੇ ਪੇਸ਼ ਕੀਤੇ ਜਾ ਸਕਦੇ ਹਨ। ਬੂੰਦ ਦਾ ਸਮੁੰਦਰ ਬਣਾਇਆ ਜਾ ਸਕਦਾ ਹੈ, ਸਮੁੰਦਰ ਨੂੰ ਕੁੱਜੇ ਵਿਚ ਬੰਦ ਕੀਤਾ ਜਾ ਸਕਦਾ ਹੈ। ਸੌ ਹੱਥ ਰੱਸਾ ਸਿਰੇ ’ਤੇ ਗੰਢ ਕਹਿ ਕੇ ਕਿਸੇ ਗੱਲ/ਬਹਿਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਸੱਥਾਂ ਵਿਚ ਗੱਲਾਂ ਕਰਦੇ ਗਾਲੜੀ ਪਿੰਡ ਦੀਆਂ ਛੋਟੀਆਂ-ਵੱਡੀਆਂ ਖ਼ਬਰਾਂ/ਸੂਚਨਾਵਾਂ ਨੂੰ ਮਿਰਚ ਮਸਾਲੇ ਲਗਾ ਕੇ ਸਾਂਝਾ ਕਰਦੇ ਹਨ। ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦੇ।

ਗੱਲਾਂ ਬਾਤਾਂ ਸਾਂਝੀਆਂ ਕਰਨ ਤੇ ਵਿਚਾਰ ਵਟਾਂਦਰੇ ਲਈ ਅਤਿ ਆਧੁਨਿਕ ਤੇ ਅਸਰਦਾਰ ਸੰਚਾਰ ਸਾਧਨਾਂ ਦੀ ਭਰਮਾਰ ਹੋ ਜਾਣ ਕਾਰਨ ਹੁਣ ਸੱਥਾਂ ਵਿੱਚ ਜੁੜਦੇ ਇਕੱਠ ਵੀ ਪ੍ਰਭਾਵਿਤ ਹੋਏ ਹਨ। ਹੁਣ ਸੱਥ ਦਾ ਮੂੰਹ-ਮੁਹਾਂਦਰਾ ਤੇ ਸਰੂਪ ਬਦਲ ਰਿਹਾ ਹੈ। ਸੱਥ ਦੇ ਪੰਚਾਇਤ ਵਾਲੇ ਸਰੂਪ ਤੇ ਆਦਰ-ਮਾਣ ਵਿੱਚ ਵੀ ਬਹੁਤ ਵੱਡਾ ਪਰਿਵਰਤਨ ਆ ਰਿਹਾ ਹੈ।ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਕਲੱਬਾਂ ਦੇ ਮੈਂਬਰ ਬਣ ਗਏ/ਰਹੇ ਹਨ। ਜਿਮ ਖੁੱਲ੍ਹ ਗਏ ਹਨ। ਟੀ.ਵੀ.ਦੇ ਪਾਸਾਰ ਦੀ ਕੋਈ ਸੀਮਾਂਂ ਨਹੀਂ ਰਹੀ।ਲੋਕ ਪਾਰਕਾਂ,ਕਮਿਊਨਿਟੀ ਹਾਲਾਂ, ਕਸਰਤ ਘਰਾਂ, ਸੀਨੀਅਰ ਸਿਟੀਜ਼ਨ ਘਰਾਂ ਵਿੱਚ ਜਾ ਕੇ ਕਿਸੇ ਸਰਗਰਮੀ ਨਾਲ ਜੁੜਨ ਨੂੰ ਤਰਜੀਹ ਦੇਣ ਲੱਗ ਪਏ ਹਨ। ਪਿਛਲੇ ਵਰ੍ਹਿਆਂ/ਦਹਾਕਿਆਂ ਦੌਰਾਨ ਇਹ ਚਲਨ ਵਧਿਆ ਹੈ। ਸਮਾਜਿਕ ਸੱਭਿਆਚਾਰਕ ਜੀਵਨ ਵਿੱੱਚ ਬਹੁਤ ਵੱਡਾ ਪਰਿਵਰਤਨ ਵਾਪਰਨ ਦੇ ਬਾਵਜੂਦ ਵੀ ਪਿੰਡ ਦੀ ਸੱਥ ਬਾਰੇ ਬਣਿਆ ਪ੍ਰਭਾਵ ਅਜੇ ਵੀ ਲੋਕ ਮਨਾਂ ਵਿਚ ਆਪਣਾ ਸਥਾਨ ਬਣਾਈ ਬੈਠਾ ਹੈ।

LEAVE A REPLY

Please enter your comment!
Please enter your name here