ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ‘ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਫਤ ਕੌਰ ਸਮਰਾ ਨੂੰ ਵਧਾਈ ਦਿੱਤੀ।
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਿਫ਼ਤ ਕੌਰ ਸਮਰਾ ਲਗਾਤਾਰ ਬਹੁਤ ਹੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਸ ਨੇ ਤਗਮੇ ਜਿੱਤ ਕੇ ਇੱਕ ਵਾਰ ਫਿਰ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸਿਫਤ ਕੌਰ ਨੇ ਪਿਛਲੇ ਸਾਲ ਵੀ ਏਸ਼ੀਅਨ ਗੇਮਜ਼ ਵਿਚ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਿਆ ਸੀ। ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਦੀ ਪ੍ਰਾਪਤੀ ਲਈ ਉਸ ਦੇ ਮਾਪਿਆਂ ਤੇ ਕੋਚ ਨੂੰ ਵੀ ਵਧਾਈ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਏਸ਼ੀਅਨ ਚੈਂਪੀਅਨਸ਼ਿਪ-2024 (ਰਾਈਫ਼ਲ/ਪਿਸਟਲ) ਵਿੱਚ ਵਿਅਕਤੀਗਤ ਵਰਗ ਵਿੱਚ ਸਿਫ਼ਤ ਕੌਰ ਸਮਰਾ ਨੇ 460.6 ਅੰਕ ਹਾਸਲ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ਜਦੋਂਕਿ ਸੋਨ ਤਗਮਾ ਜੇਤੂ ਦੱਖਣੀ ਕੋਰੀਆ ਦੀ ਯੂਨਸੀਓ ਲੀ ਨੇ 462.5 ਅੰਕ ਹਾਸਲ ਕੀਤੇ।ਟੀਮ ਵਰਗ ਵਿੱਚ ਸਿਫ਼ਤ ਨੇ ਭਾਰਤੀ ਟੀਮ ਵੱਲੋਂ ਸੋਨੇ ਦਾ ਤਗਮਾ ਜਿੱਤਿਆ ਹੈ।









