T20 WC ‘ਚ ਅਰਸ਼ਦੀਪ ਸਿੰਘ ਨੂੰ ਸਭ ਤੋਂ ਵੱਧ ਵਿਕਟਾਂ ਲੈਣ ਦਾ ਮਿਲਿਆ ਖਿਤਾਬ
ਅਰਸ਼ਦੀਪ ਸਿੰਘ ਜਿਸ ਨੂੰ ਦੋ ਸਾਲ ਪਹਿਲਾਂ ਏਸ਼ੀਆ ਕੱਪ 2022 ਵਿਚ ਪਾਕਿਸਤਾਨ ਹੱਥੋਂ ਮਿਲੀ ਹਾਰ ਤੋਂ ਬਾਅਦ ਲੋਕਾਂ ਵਲੋਂ ਟ੍ਰੋਲ ਕੀਤਾ ਗਿਆ ਸੀ, ਅੱਜ ਉਸੇ ਖਿਡਾਰੀ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ ਅਜਿੱਤ ਬਣਾ ਦਿੱਤਾ ਹੈ। ਭਾਰਤ ਨੇ ਇੱਕ ਬੇਦਾਗ ਰਿਕਾਰਡ ਨਾਲ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ।
ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਅਰਸ਼ਦੀਪ ਸਿੰਘ ਸਾਂਝੇ ਤੌਰ ‘ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਗੇਂਦਬਾਜ਼ੀ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਨੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਦੇ ਨਾਲ ਆਪਣਾ ਨਾਂ ਦਰਜ ਕਰਵਾਇਆ ਹੈ। ਦੋਵਾਂ ਨੇ ਟੀ-20 ਵਿਸ਼ਵ ਕੱਪ ‘ਚ 17 ਵਿਕਟਾਂ ਲਈਆਂ ਸਨ।
ਇਸ ਪੂਰੇ ਟੂਰਨਾਮੈਂਟ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਵਿਰੋਧੀਆਂ ‘ਤੇ ਦਬਦਬਾ ਬਣਾਇਆ। ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਨਾਂ 15 ਵਿਕਟਾਂ ਸਨ ਅਤੇ ਉਹ ਚੌਥੇ ਸਥਾਨ ‘ਤੇ ਸੀ। ਪਰ ਆਖਰੀ ਫਾਈਨਲ ਮੈਚ ਵਿੱਚ ਦੋ ਵਿਕਟਾਂ ਨੇ ਉਸ ਨੂੰ ਫਜ਼ਲਹਕ ਫਾਰੂਕੀ ਦੇ ਨਾਲ ਪਹਿਲੇ ਸਥਾਨ ‘ਤੇ ਪਹੁੰਚਾ ਦਿੱਤਾ। ਪੂਰੇ ਟੂਰਨਾਮੈਂਟ ਦੌਰਾਨ ਜਦੋਂ ਵੀ ਭਾਰਤ ਦਬਾਅ ‘ਚ ਰਿਹਾ ਤਾਂ ਅਰਸ਼ਦੀਪ ਸਿੰਘ ਨੇ ਆਪਣੀ ਗੇਂਦਬਾਜ਼ੀ ਦਾ ਹੁਨਰ ਦਿਖਾਇਆ।
ਅਰਸ਼ਦੀਪ ਸਿੰਘ ਅਤੇ ਫਜ਼ਲਹਾਕ ਨੇ 8-8 ਮੈਚਾਂ ਵਿੱਚ 17-17 ਵਿਕਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ 7.16 ਅਤੇ ਫਜ਼ਲਹਾਕ ਦਾ ਇਕਾਨਮੀ ਰੇਟ 6.31 ਰਿਹਾ, ਜਦਕਿ ਭਾਰਤ ਦੇ ਜਸਪ੍ਰੀਤ ਬੁਮਰਾਹ 4.17 ਦੀ ਇਕਾਨਮੀ ਰੇਟ ਨਾਲ 8 ਮੈਚਾਂ ‘ਚ 15 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਐਨਰਿਕ ਦੇ ਨਾਲ ਤੀਜੇ ਸਥਾਨ ‘ਤੇ ਹਨ।
ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਚੌਥੇ ਸਥਾਨ ‘ਤੇ ਸੀ। ਫਾਈਨਲ ਮੈਚ ਤੱਕ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਅੱਗੇ ਚੱਲ ਰਿਹਾ ਸੀ, ਜਿਸ ਨੇ 17 ਵਿਕਟਾਂ ਲੈ ਕੇ ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਦਾ ਰਿਕਾਰਡ ਤੋੜ ਦਿੱਤਾ। 2021-2022 ਦੇ ਸੀਜ਼ਨ ‘ਚ ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ 16 ਵਿਕਟਾਂ ਨਾਲ ਪਹਿਲੇ ਸਥਾਨ ‘ਤੇ ਸਨ। ਪਰ ਫਾਈਨਲ ਵਿੱਚ ਅਰਸ਼ਦੀਪ ਸਿੰਘ ਨੇ ਹਸਰੰਗਾ ਦੇ ਰਿਕਾਰਡ ਨੂੰ ਪਿੱਛੇ ਛੱਡ ਕੇ ਇੱਕ ਨਵਾਂ ਮਾਪਦੰਡ ਕਾਇਮ ਕੀਤਾ ਹੈ ਅਤੇ ਉਸ ਨੂੰ ਫਜ਼ਲਹਕ ਦੇ ਬਰਾਬਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਲਖਬੀਰ ਲੰਡਾ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫਤਾਰ ||…
ਦੋ ਸਾਲ ਪਹਿਲਾਂ ਏਸ਼ੀਆ ਕੱਪ 2022 ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਪਰ-4 ਦੌਰ ‘ਚ ਇਕ ਸਮੇਂ ਭਾਰਤੀ ਟੀਮ ਦੀ ਜਿੱਤ ਯਕੀਨੀ ਜਾਪਦੀ ਸੀ ਪਰ ਖਰਾਬ ਗੇਂਦਬਾਜ਼ੀ, ਫੀਲਡਿੰਗ ਅਤੇ ਲਾਪਰਵਾਹੀ ਕਾਰਨ ਭਾਰਤ ਮੈਚ ਹਾਰ ਗਿਆ।
ਅਰਸ਼ਦੀਪ ਸਿੰਘ ਨੇ 18ਵੇਂ ਓਵਰ ‘ਚ ਆਸਿਫ ਅਲੀ ਦਾ ਕੈਚ ਛੱਡਿਆ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਗਿਆ। ਇਹ ਇਸ ਮੈਚ ਦਾ ਟਰਨਿੰਗ ਪੁਆਇੰਟ ਸੀ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਟ੍ਰੋਲ ਕੀਤਾ ਜਾਣ ਲੱਗਾ।