ਹਰਿਆਣਾ ਦੀ ਮਸ਼ਹੂਰ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਪਨਾ ਚੌਧਰੀ ਖਿਲਾਫ ਯੂਪੀ ‘ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਅਦਾਲਤ ਨੇ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਦਰਅਸਲ ਲਖਨਊ ਦੀ ACJM ਅਦਾਲਤ ਨੇ ਸੋਮਵਾਰ ਨੂੰ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਖਿਲਾਫ ਇੱਕ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਧਾਰਕਾਂ ਨੂੰ ਪੈਸੇ ਵਾਪਸ ਨਾ ਕਰਨ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
ਦਰਅਸਲ ਸਪਨਾ ਚੌਧਰੀ ਨੇ ਸੋਮਵਾਰ ਨੂੰ ਸੁਣਵਾਈ ਲਈ ਪੇਸ਼ ਹੋਣਾ ਸੀ ਪਰ ਚੌਧਰੀ ਅਦਾਲਤ ‘ਚ ਪੇਸ਼ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਅਰਜ਼ੀ ਦਿੱਤੀ ਗਈ। ਇਸ ‘ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਅਦਾਲਤ ਨੇ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਿਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਸੁਣਵਾਈ ਦੀ ਅਗਲੀ ਤਰੀਕ 30 ਸਤੰਬਰ ਤੈਅ ਕੀਤੀ ਹੈ। ਇਸੇ ਅਦਾਲਤ ਵੱਲੋਂ ਨਵੰਬਰ 2021 ਵਿੱਚ ਵੀ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਪਨਾ ਚੌਧਰੀ ਅਦਾਲਤ ਵਿੱਚ ਪੇਸ਼ ਹੋਈ ਅਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਸਬ-ਇੰਸਪੈਕਟਰ ਫਿਰੋਜ਼ ਖਾਨ ਨੇ 14 ਅਕਤੂਬਰ 2018 ਨੂੰ ਸ਼ਹਿਰ ਦੇ ਆਸ਼ਿਆਨਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਸੂਤਰਾਂ ਮੁਤਾਬਕ, ਸਪਨਾ ਚੌਧਰੀ ਨੇ 2018 ‘ਚ ਕਿਸੇ ਇਵੈਂਟ ‘ਚ ਪਰਫਾਰਮ ਨਹੀਂ ਕੀਤਾ ਸੀ, ਜਿਸ ਲਈ ਉਸ ਨੂੰ ਪ੍ਰਬੰਧਕਾਂ ਨੇ ਐਡਵਾਂਸ ਭੁਗਤਾਨ ਕੀਤਾ ਸੀ। ਪ੍ਰਬੰਧਕਾਂ ਨੇ ਇਸ ਮਾਮਲੇ ਨੂੰ ਅਦਾਲਤ ਵਿੱਚ ਖਿੱਚ ਲਿਆ ਅਤੇ ਹੁਣ ਡਾਂਸਰ ਸਪਨਾ ਨੂੰ ਜਲਦੀ ਹੀ ਲਖਨਊ ਦੀ ਏਸੀਜੇਐਮ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਘਟਨਾ 13 ਅਕਤੂਬਰ 2018 ਦੀ ਹੈ।