Army helicopter crashed in Pakistan 6 died including Lt. General:ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਏਅਰ ਟਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟਣ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਜਨਰਲ ਅਤੇ ਪੰਜ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ।
ਹੈਲੀਕਾਪਟਰ ਵਿੱਚ 12 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਤੋਂ ਇਲਾਵਾ ਪੰਜ ਹੋਰ ਫ਼ੌਜੀ ਅਧਿਕਾਰੀਆਂ ਸਵਾਰ ਸਨ, ਜੋ ਬਲੋਚਿਸਤਾਨ ਵਿੱਚ ਹੜ੍ਹ ਕਾਰਜਾਂ ਦੀ ਨਿਗਰਾਨੀ ਲਈ ਜਾ ਰਹੇ ਸਨ।ਜਦਕਿ ਬਾਰ੍ਹਵੀਂ ਕੋਰ ਕਮਾਂਡਰ ਤੋਂ ਇਲਾਵਾ, ਪਾਕਿਸਤਾਨ ਦੇ ਕੋਸਟ ਗਾਰਡ ਦੇ ਡਾਇਰੈਕਟਰ-ਜਨਰਲ ਅਮਜਦ ਹਨੀਫ ਸੱਤੀ ਵੀ ਇਸ ਹਾਦਸੇ ਵਿੱਚ ਮਾਰੇ ਗਏ।
ਬਾਕੀ ਚਾਰ ਵਿੱਚ ਇੱਕ ਬ੍ਰਿਗੇਡੀਅਰ, ਦੋ ਮੇਜਰ ਅਤੇ ਇੱਕ ਨਾਇਕ ਸ਼ਾਮਲ ਸਨ। ਉਹ ਸਨ ਬ੍ਰਿਗੇਡੀਅਰ ਮੁਹੰਮਦ ਖਾਲਿਦ, ਮੇਜਰ ਸਈਦ ਅਹਿਮਦ, ਮੇਜਰ ਐੱਮ. ਤਲਹਾ ਮਨਾਨ ਅਤੇ ਨਾਇਕ ਮੁਦੱਸਰ ਫਯਾਜ਼। ਹੈਲੀਕਾਪਟਰ ਬਲੋਚਿਸਤਾਨ ਖੇਤਰ ਵਿੱਚ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਸ਼ਾਮਲ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੋਕ ਵਿੱਚ ਟਵੀਟ ਕੀਤਾ, “ਪਾਕਿਸਤਾਨ ਫੌਜ ਦੇ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਅਤੇ 5 ਹੋਰ ਅਧਿਕਾਰੀਆਂ ਦੀ ਸ਼ਹਾਦਤ ‘ਤੇ ਰਾਸ਼ਟਰ ਬਹੁਤ ਦੁਖੀ ਹੈ। ਉਹ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਪਵਿੱਤਰ ਫਰਜ਼ ਨਿਭਾ ਰਹੇ ਸਨ। ਮਿੱਟੀ ਦੇ ਇਹਨਾਂ ਪੁੱਤਰਾਂ ਦੇ ਸਦਾ ਰਿਣੀ ਰਹਾਂਗੇ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ।”