ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ, ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਦੇਸ਼ ਭਰ ਵਿੱਚ ਨਸ਼ਾ ਦਿਨ -ਪ੍ਰਤੀਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਨਾਲ ਪਤਾ ਨਹੀਂ ਕਿੰਨੇ ਹੀ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ | ਹਫਤਾ ਕੁ ਪਹਿਲਾਂ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ ਨੌ ਅਬਾਦ ਵਿੱਚ ਚਿੱਟੇ ਨਾਲ ਮਰੇ ਨੌਜਵਾਨ ਦੀਆਂ ਖਬਰਾਂ ਦੀ ਗੂੰਜ ਖਤਮ ਨਹੀ ਹੋਈ ਸੀ ਕਿ ਪਿੰਡ ਦੇ ਇੱਕ ਹੋਰ ਨੌਜਵਾਨ ਨੂੰ ਨਸ਼ੇ ਨੇ ਆਪਣੀ ਲਪੇਟ ਵਿੱਚ ਲੈ ਲਿਆ | ਮ੍ਰਿਤਕ ਦੀ ਪਛਾਣ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਨੌਜਵਾਨ ਦੇ ਪਿਤਾ ਦੀ ਬਹੁਤ ਸਮਾਂ ਪਹਿਲਾਂ ਹੀ ਮੌਤ ਹੋ ਚੁਕੀ ਹੈ ਅਤੇ ਹੁਣ ਪੁੱਤ ਦੇ ਮੌਤ ਤੋਂ ਬਾਅਦ ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਿੰਡ ਵਿੱਚ ਸ਼ਰੇਆਮ ਵੇਚੇ ਜਾਂਦੇ ਨਸ਼ੇ
ਇਸ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਅਸੀਂ ਆਪਣੇ ਬਿਨਾ ਪਿਤਾ ਦੇ ਪੁੱਤਰ ਸੁਖਪ੍ਰੀਤ ਸਿੰਘ ਨੂੰ ਬੜੀ ਹੀ ਮੁਸ਼ਕਿਲ ਦੇ ਨਾਲ ਸੁੱਖਾਂ ਸੁੱਖ ਕੇ ਲਿਆ ਅਤੇ ਪਾਲਿਆ ਸੀ ਜੋ ਕਿ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਉਸ ਦੀ ਨਸ਼ੇ ਕਾਰਨ ਹਸਪਤਾਲ ਵਿੱਚ ਮੌਤ ਹੋ ਗਈ । ਉਹਨਾਂ ਦੱਸਿਆ ਕਿ ਪਿੰਡ ਵਿੱਚ ਸ਼ਰੇਆਮ ਨਸ਼ੇ ਵੇਚੇ ਜਾਂਦੇ ਹਨ। ਇਸ ਨਸ਼ੇ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਹੈ ਕਿਉਂਕਿ ਨੌਜਵਾਨ ਸਪੁੱਤਰ ਨੇ ਸਾਡੇ ਘਰ ਦਾ ਗੁਜਾਰਾ ਚਲਾਉਣਾ ਸੀ। ਸੁਖਪ੍ਰੀਤ ਸਿੰਘ 2 ਭੈਣਾ ਤੇ ਇੱਕ ਭਰਾ ਦਾ ਸਭ ਤੋਂ ਵੱਡਾ ਭਰਾ ਸੀ ਤੇ ਪਰਿਵਾਰ ਨੂੰ ਉਸ ਤੋਂ ਵੱਡੀਆਂ ਆਸਾਂ ਸਨ ਜੋ ਕਿ ਸਾਰੀਆਂ ਧਰੀਆਂ ਧਰਾਈਆਂ ਰਹਿ ਗਈਆਂ।
ਇਹ ਵੀ ਪੜ੍ਹੋ : ਦੋ ਧੜਿਆਂ ‘ਚ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਝੜਪ , 19 ਸਾਲਾ ਨੌਜਵਾਨ ਦੀ ਹੋਈ ਮੌਤ
ਓੁਕਤ ਨੌਜਵਾਨ ਸਾਹ ਰੁਕਣ ਕਾਰਨ ਮਰਿਆ
ਉੱਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਉਹਨਾਂ ਦੇ ਕੋਈ ਵੀ ਧਿਆਨ ਵਿੱਚ ਨਹੀਂ ਆਇਆ ਤੇ ਉਹਨਾਂ ਦਾਅਵਾ ਕੀਤਾ ਕਿ ਓੁਕਤ ਨੌਜਵਾਨ ਸਾਹ ਰੁਕਣ ਕਾਰਨ ਮਰਿਆ ਹੈ ਤੇ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਕਾਸਕੋ ਆਪ੍ਰੇਸ਼ਨ ਅਧੀਨ ਨਸ਼ੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।