ਨਸ਼ੇ ਨੇ ਉਜਾੜਿਆ ਇੱਕ ਹੋਰ ਘਰ , ਓਵਰਡੋਜ਼ ਨਾਲ 20 ਸਾਲਾ ਨੌਜਵਾਨ ਦੀ ਹੋਈ ਮੌਤ || News of Punjab
ਪੰਜਾਬ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਬਣਦਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਰੋਜ਼ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਨੂੰ ਆਪਣੀ ਅੱਖਾਂ ਸਾਹਮਣੇ ਆਪਣੇ ਪੁੱਤਾਂ ਨੂੰ ਮੌਤ ਦੇ ਖੂਹ ਵਿੱਚ ਜਾਂਦੇ ਹੋਏ ਦੇਖਿਆ ਜਾ ਰਿਹਾ ਹੈ ਅਤੇ ਨਾ ਚਾਉਂਦੇ ਹੋਏ ਵੀ ਕੁਝ ਨਹੀਂ ਕਰ ਸਕਦੀਆਂ | ਅਜਿਹਾ ਹੀ ਇੱਕ ਹੋਰ ਦੁਖਦਾਈ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 20 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ |
ਮਾਪਿਆਂ ਦਾ ਇਕਲੌਤਾ ਪੁੱਤ
ਪੁੱਤ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ 20 ਸਾਲ ਦੀ ਛੋਟੀ ਜਿਹੀ ਉਮਰ ‘ਚ ਹੀ ਇਸ ਦੁਨੀਆਂ ਤੋਂ ਤੁਰ ਗਿਆ | ਦੱਸਿਆ ਜਾ ਰਿਹਾ ਹੈ ਕਿ ਪੁੱਤ ਰੋਟੀ ਖਾਣ ਬੈਠਿਆ ਸੀ ਕਿ ਇੰਨੇ ਵਿਚ ਗੁਆਂਢੀਆਂ ਦਾ ਮੁੰਡਾ ਆਉਂਦਾ ਹੈ ਤੇ ਉਸ ਨੂੰ ਆਵਾਜ਼ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਉਹ ਉਸ ਨਾਲ ਘਰੋਂ ਚਲਾ ਜਾਂਦਾ ਹੈ ਤੇ ਮੁੜ ਕਦੇ ਵਾਪਸ ਨਹੀਂ ਆਉਂਦਾ।
ਮ੍ਰਿਤਕ ਨੇੜਿਓਂ ਇਕ ਸਰਿੰਜ ਕੀਤੀ ਗਈ ਬਰਾਮਦ
ਜਿਸ ਤੋਂ ਬਾਅਦ ਉਹਨਾਂ ਨੂੰ ਪੁੱਤ ਦੀ ਮੌਤ ਦੀ ਖਬਰ ਦਾ ਪਤਾ ਲੱਗਦਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ ਹੈ । ਮ੍ਰਿਤਕ ਨੇੜਿਓਂ ਇਕ ਸਰਿੰਜ ਬਰਾਮਦ ਕੀਤੀ ਗਈ ਹੈ। ਨਸ਼ੇ ਨੇ ਪੂਰਾ ਘਰ ਉਜਾੜ ਕੇ ਰੱਖ ਦਿੱਤਾ ਤੇ ਉਸ ਰੋਂਦੀ ਮਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਉਸ ਮਾਂ ਨੂੰ ਕੀ ਪਤਾ ਸੀ ਕਿ ਉਸਦਾ ਪੁੱਤ ਛੋਟੀ ਜਿਹੀ ਉਮਰ ਵਿੱਚ ਹੀ ਉਹਨੂੰ ਛੱਡ ਕੇ ਚਲਾ ਜਾਵੇਗਾ | ਉਹ ਵਾਰ-ਵਾਰ ਇਹੀ ਕਹਿ ਰਹੀ ਹੈ ਕਿ ਜੇਕਰ ਉੁਸ ਨੂੰ ਪਤਾ ਹੁੰਦਾ ਕਿ ਉਸ ਨੇ ਮੁੜ ਆਪਣੇ ਪੁੱਤ ਨੂੰ ਕਦੇ ਨਹੀਂ ਦੇਖਣਾ ਤਾਂ ਉਸ ਦਿਨ ਮੈਂ ਆਪਣੇ ਪੁੱਤ ਨੂੰ ਘਰੋਂ ਹੀ ਨਹੀਂ ਜਾਣ ਦੇਣਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ BJP ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਸ਼ਰੇਆਮ ਨਸ਼ੇ ਵਿਕ ਰਹੇ ਹਨ ਜਿਸ ਨਾਲ ਉਸ ਦਾ ਘਰ ਤਬਾਹ ਹੋ ਗਿਆ। ਸਰਕਾਰ ਨੂੰ ਇਨ੍ਹਾਂ ਨਸ਼ਾ ਵੇਚਣ ਵਾਲਿਆਂ ‘ਤੇ ਲਗਾਮ ਕੱਸਣੀ ਚਾਹੀਦੀ ਹੈ ਤਾਂ ਜੋ ਜਵਾਨੀ ਨੂੰ ਬਚਾਇਆ ਜਾ ਸਕੇ ਤੇ ਕਿਸੇ ਹੋਰ ਦਾ ਘਰ ਨਾ ਉਜੜੇ।