ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਰਾਡਾਰ ‘ਤੇ ਪਿਛਲੀ ਕਾਂਗਰਸ ਸਰਕਾਰ ਦੇ ਇੱਕ ਹੋਰ ਸਾਬਕਾ ਮੰਤਰੀ ਆ ਗਏ ਹਨ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਾਬਕਾ ਮੰਤਰੀ ਖ਼ਿਲਾਫ਼ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀ ਟੀਮ ਵੱਲੋਂ ਕਾਂਗਰਸ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ‘ਚ ਪੜਤਾਲ ਆਰੰਭੀ ਗਈ ਹੈ।
ਇਹ ਵੀ ਪੜ੍ਹੋ: ਚੋਣ ਕਮਿਸ਼ਨ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਇਸ ਹਫਤੇ ਕਰ ਸਕਦਾ ਹੈ…
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਦੀ ਕਾਂਗਰਸ ਸਰਕਾਰਾਂ ਸਮੇਂ ਵਿਜੈਇੰਦਰ ਸਿੰਗਲਾ ਲੋਕ ਨਿਰਮਾਣ ਵਿਭਾਗ ਮੰਤਰੀ ਰਹੇ ਹਨ। ਵਿਜੀਲੈਂਸ ਦੀ ਇਸ ਕਾਰਵਾਈ ਮਗਰੋਂ ਕਾਂਗਰਸ ਦਾ ਇਹ 5 ਸਾਬਕਾ ਮੰਤਰੀ ਹੈ ਜੋ ਵਿਜੀਲੈਂਸ ਦੀ ਰਾਡਾਰ ‘ਤੇ ਆ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜ਼ੀਆਂ,ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੋੜਾ ਖਿਲਾਫ਼ ਸ਼ਿਕੰਜਾ ਕੱਸਿਆ ਜਾ ਚੁੱਕਾ ਹੈ। ਸੂਤਰਾਂ ਅਨੁਸਾਰ ਸੱਤਾ ਤਬਦੀਲੀ ਤੋਂ ਬਾਅਦ ਸਾਬਕਾ ਲੋਕ ਨਿਰਮਾਣ ਮੰਤਰੀ ਖਿਲਾਫ਼ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਇਹ ਵੀ ਪੜ੍ਹੋ: ਅਦਾਲਤ ਨੇ ਨੀਰਜ ਸਲੂਜਾ ਨੂੰ ਭੇਜਿਆ CBI ਹਿਰਾਸਤ ’ਚ
ਵਿਜੀਲੈਂਸ ਦਾ ਇਹ ਵੀ ਦੱਸਣਾ ਹੈ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਦੀ ਪੜਤਾਲ ਦੌਰਾਨ ਸਮੁੱਚੇ ਅਸਾਸਿਆਂ, ਪਿਛਲੇ ਸਮੇਂ ਦੀ ਆਮਦਨ ਦਾ ਲੇਖਾ ਜੋਖਾ ਮੰਗਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਲੋਕ ਨਿਰਮਾਣ ਮੰਤਰੀ ਖਿਲਾਫ਼ ਚੱਲ ਰਹੀ ਜਾਂਚ ਨੂੰ ਪੂਰੇ ਨਿਰਪੱਖ ਤਰੀਕੇ ਨਾਲ ਸਿਰੇ ਲਾਉਣ ਅਤੇ ਬਣਦੀ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਪਠਾਨਕੋਟ ਦੇ ਹਲਕੇ ਭੋਆ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਰਿਹਾਇਸ਼, ਫਾਰਮ ਹਾਊਸ ਤੇ ਕਰੱਸ਼ਰ ਉਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ। ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਨੇੜੇ-ਤੇੜੇ ਦੇ ਘਰਾਂ ਵਿੱਚ ਵੀ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਸੀ।