ਜਲੰਧਰ ਦਿਹਾਤੀ ਪੁਲਿਸ ਵੱਲੋਂ ਅੰਕੁਸ਼ ਭਯਾ ਗੈਂਗ ਦਾ ਪਰਦਾਫਾਸ਼; ਗਿਰੋਹ ਦੇ ਸਰਗਨੇ ਅਕੇ ਪੁਲਿਸ ਕਾਂਸਟੇਬਲ ਸਮੇਤ ਨੌਂ ਵਿਅਕਤੀ ਕਾਬੂ || PunjabNews

0
38

ਜਲੰਧਰ ਦਿਹਾਤੀ ਪੁਲਿਸ ਵੱਲੋਂ ਅੰਕੁਸ਼ ਭਯਾ ਗੈਂਗ ਦਾ ਪਰਦਾਫਾਸ਼; ਗਿਰੋਹ ਦੇ ਸਰਗਨੇ ਅਕੇ ਪੁਲਿਸ ਕਾਂਸਟੇਬਲ ਸਮੇਤ ਨੌਂ ਵਿਅਕਤੀ ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਕ ਨੈੱਟਵਰਕ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਅੰਕੁਸ਼ ਭਯਾ ਸੰਗਠਿਤ ਅਪਰਾਧਕ ਗਿਰੋਹ ਦੇ 7 ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗਿਰੋਹ ਦਾ ਸਰਗਨਾ ਅੰਕੁਸ਼ ਸੱਭਰਵਾਲ ਉਰਫ਼ ਭਯਾ ਵੀ ਸ਼ਾਮਲ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇਸ ਗਿਰੋਹ ਦੇ ਅਮਰੀਕਾ ਅਧਾਰਤ ਗੋਲਡੀ ਬਰਾੜ, ਵਿਕਰਮ ਬਰਾੜ ਅਤੇ ਰਵੀ ਬਲਾਚੋਰੀਆ ਸਮੇਤ ਵੱਡੇ ਅਪਰਾਧਕ ਸਿੰਡੀਕੇਟਾਂ ਨਾਲ ਸਬੰਧਾਂ ਦਾ ਪਰਦਾਫਾਸ਼ ਹੋਇਆ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ਗ੍ਰਨੇਡ ਕਾਂਡ: ਦੂਜਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ, 3 ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੈਂਬਰਾਂ ਦੀ ਪਛਾਣ ਨਕੋਦਰ ਦੇ ਮੁਹੱਲਾ ਰਿਸ਼ੀ ਨਗਰ ਦੇ ਪੰਕਜ ਸੱਭਰਵਾਲ ਉਰਫ਼ ਪੰਕੂ, ਨਕੋਦਰ ਦੇ ਰਿਸ਼ੀ ਨਗਰ ਦੇ ਵਿਸ਼ਾਲ ਸੱਭਰਵਾਲ ਉਰਫ ਭੜਥੂ; ਨਕੋਦਰ ਦੇ ਮੁਹੱਲਾ ਰੌਂਤਾ ਦੇ ਹਰਮਨਪ੍ਰੀਤ ਸਿੰਘ ਉਰਫ਼ ਹਰਮਨ; ਨਕੋਦਰ ਦੇ ਮੁਹੱਲਾ ਗੌਂਸ ਦੇ ਜਸਕਰਨ ਸਿੰਘ ਪੁਰੇਵਾਲ ਉਰਫ ਕਰਨ ਉਰਫ ਜੱਸਾ; ਸ਼ਾਹਕੋਟ ਦੇ ਪਿੰਡ ਨਵਾਜੀਪੁਰ ਦੇ ਆਰੀਅਨ ਸਿੰਘ  ਅਤੇ ਨਕੋਦਰ ਦੇ ਰਿਸ਼ੀ ਨਗਰ ਦੇ ਰੁਪੇਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਇਸ ਕੇਸ ਵਿੱਚ ਨਕੋਦਰ ਦੇ ਰਿਸ਼ੀ ਨਗਰ ਦੇ ਰਹਿਣ ਵਾਲੇ ਕਰਨ ਸਭਰਵਾਲ ਉਰਫ਼ ਕੰਨੂ ਅਤੇ ਨਕੋਦਰ ਦੇ ਮੁਹੱਲਾ ਗੌਂਸ ਦੇ ਰਹਿਣ ਵਾਲੇ ਦਲਬੀਰ ਸਿੰਘ ਉਰਫ਼ ਹਰਮਨ ਉਰਫ਼ ਭੋਲਾ ਉਰਫ਼ ਲੰਗੜਾ ਨੂੰ ਵੀ ਨਾਮਜ਼ਦ ਕੀਤਾ ਹੈ, ਜਦਕਿ ਇੱਕ ਹੋਰ ਮੈਂਬਰ ਜਿਸ ਦੀ ਪਛਾਣ ਹੁਸ਼ਿਆਰਪੁਰ ਦੇ ਦੀਬੂ ਵਜੋਂ ਹੋਈ ਹੈ, ਵੀ ਇਸ ਕੇਸ ਵਿੱਚ ਪੁਲਿਸ ਨੂੰ ਲੋੜੀਂਦਾ ਹੈ।

ਹਥਿਆਰ ਹੋਏ ਬਰਾਮਦ

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਚਾਰ ਪਿਸਤੌਲ, ਜਿਨ੍ਹਾਂ ਵਿੱਚ 30 ਬੋਰ ਦੇ ਦੋ ਪਿਸਤੌਲ, ਇੱਕ .32 ਬੋਰ ਪਿਸਤੌਲ ਅਤੇ ਇੱਕ .315 ਬੋਰ ਦਾ ਦੇਸੀ ਪਿਸਤੌਲ ਸ਼ਾਮਲ ਹੈ, ਸਮੇਤ 7 ਜਿੰਦਾ ਕਾਰਤੂਸ ਅਤੇ ਅਲਪਰਾਜ਼ੋਲਮ ਦੀਆਂ 1000 ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਚਿੱਟੇ ਰੰਗ ਦੀ ਵੈਨਿਊ ਕਾਰ (ਪੀਬੀ-08-ਈਜੈਡ-2018) ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।

ਪੁਲਿਸ ਕਾਂਸਟੇਬਲ ਗ੍ਰਿਫਤਾਰ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਬੰਧਤ ਘਟਨਾਕ੍ਰਮ ਵਿੱਚ, ਪੁਲਿਸ ਟੀਮਾਂ ਨੇ ਗਿਰੋਹ ਨਾਲ ਮਿਲੀਭੁਗਤ ਕਰਨ ਅਤੇ ਗਿਰੋਹ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਸਦਰ ਨਕੋਦਰ ਪੁਲਿਸ ਸਟੇਸ਼ਨ ਵਿਖੇ ਤਾਇਨਾਤ ਪੁਲਿਸ ਕਾਂਸਟੇਬਲ ਆਰੀਅਨ ਸਿੰਘ ਸ਼ਿਪਾਈ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਰੀਅਨ ਲਗਭਗ 1.5 ਮਹੀਨੇ ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ ਅਤੇ ਗੈਂਗਸਟਰਾਂ ਨੂੰ ਪੁਲਿਸ ਕਾਰਵਾਈਆਂ ਦੇ ਗੁਪਤ ਵੇਰਵਿਆਂ ਦੀ ਸੂਹ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੌਜਿਸਟਿਕਸ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗਿਰੋਹ ਦਾ ਸਰਗਨਾ ਅੰਕੁਸ਼ ਭਯਾ ਵਿਦੇਸ਼ ਅਧਾਰਤ ਸੰਗਠਿਤ ਅਪਰਾਧੀ ਲਵਪ੍ਰੀਤ ਸਿੰਘ ਉਰਫ਼ ਲਾਡੀ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਰਵੀ ਬਲਾਚੋਰੀਆ ਦੇ ਲਗਾਤਾਰ ਸੰਪਰਕ ਵਿੱਚ ਸੀ।

ਅਗਲੇਰੀ ਜਾਂਚ ਜਾਰੀ

ਡੀਜੀਪੀ ਨੇ ਦੱਸਿਆ ਕਿ ਇਸ ਮਾਡਿਊਲ ਦੇ ਮੈਂਬਰਾਂ ਦੀ ਗ੍ਰਿਫਤਾਰੀ ਨਾਲ ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ, ਮਹਿਤਪੁਰ ਅਤੇ ਨਕੋਦਰ ਵਿੱਚ ਉਕਤ ਮੁਲਜ਼ਮਾਂ ਵੱਲੋਂ ਵਿਰੋਧੀ ਗਿਰੋਹ ‘ਤੇ ਸੰਭਾਵਿਤ ਹਮਲਿਆਂ ਅਤੇ ਬੈਂਕ ਵਿੱਚ ਡਕੈਤੀ ਦੀ ਸਾਜਿਸ਼ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੇ ਵਿਆਪਕ ਨੈਟਵਰਕ ਨੂੰ ਖ਼ਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਨਸ਼ੇ ਦੀਆਂ ਗੋਲੀਆਂ ਬਰਾਮਦ

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਠੋਸ ਸੂਚਨਾ ਦੇ ਅਧਾਰ ‘ਤੇ ਪੁਲਿਸ ਟੀਮਾਂ ਨੇ ਪਿੰਡ ਮਲਹੜੀ, ਜੀ.ਟੀ.ਰੋਡ, ਨਕੋਦਰ ਸ਼ਹਿਰ ਦੇ ਨੇੜੇ ਨਾਕਾ ਲਗਾਇਆ ਅਤੇ ਉਥੇ ਉਨ੍ਹਾਂ ਨੇ ਚਿੱਟੇ ਰੰਗ ਦੀ ਵੈਨਿਊ ਕਾਰ ਨੂੰ ਘੇਰ ਲਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੂੰ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਅਲਪਰਾਜ਼ੋਲਮ ਦੀਆਂ 1000 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ।

ਉਨ੍ਹਾਂ ਦੱਸਿਆ ਕਿ ਇਹ ਸਮੁੱਚਾ ਆਪਰੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਲਖਵੀਰ ਸਿੰਘ ਦੀ ਨਿਗਰਾਨੀ ਹੇਠ ਚਲਾਇਆ ਗਿਆ ਅਤੇ ਇੰਚਾਰਜ ਸੀਆਈਏ ਸਟਾਫ਼ ਪੁਸ਼ਪ ਬਾਲੀ ਅਤੇ ਐਸਐਚਓ ਸਿਟੀ ਥਾਣਾ ਸੰਜੀਵ ਕਪੂਰ ਦੀ ਅਗਵਾਈ ਵਾਲੀਆਂ ਦੋ ਪੁਲੀਸ ਟੀਮਾਂ ਨੇ ਐਸ.ਪੀ. ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਦੀ ਅਗਵਾਈ ਹੇਠ ਇਸ ਇਸ ਸਮੁੱਚੀ ਕਾਰਵਾਈ ਨੂੰ ਅੰਜ਼ਾਮ ਦਿੱਤਾ।

ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਵੱਲੋਂ ਕੀਤੇ ਗਏ ਖੁਲਾਸੇ ਦੇ ਧਾਰ ‘ਤੇ ਪੁਲਿਸ ਟੀਮਾਂ ਨੇ ਵੈਨਿਊ ਕਾਰ ਦੇ ਮਾਲਕ, ਜਿਸ ਦੀ ਪਛਾਣ ਰੁਪੇਸ਼ ਵਜੋਂ ਕੀਤੀ ਗਈ ਹੈ, ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਜੋ ਉਕਤ ਗਿਰੋਹ ਨੂੰ ਸੁਰੱਖਿਅਤ ਪਨਾਹਾਂ, ਹਥਿਆਰਾਂ ਰੱਖਣ ਲਈ ਜਗ੍ਹਾ ਅਤੇ ਲੌਜਿਸਟਿਕ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਸੀ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਮੈਂਬਰ ਕਈ ਜ਼ਿਲ੍ਹਿਆਂ ਵਿੱਚ ਵਾਪਰੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਤੋ ਇਲਾਵਾ ਨਸ਼ਾ ਤਸਕਰੀ, ਸੰਗਠਿਤ ਅਪਰਾਧ ਅਤੇ ਹੋਰ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਇਨ੍ਹਾਂ ਅਪਰਾਧੀਆਂ ਦੀ ਗ੍ਰਿਫ਼ਤਾਰੀ ਨੂੰ ਅਜਿਹੇ ਹਿੰਸਕ ਗਿਰੋਹਾਂ ਦਾ ਪਰਦਾਫਾਸ਼ ਕਰਨ ਦੀ ਦਿਸ਼ਾ ਵਿੱਚ ਅਹਿਮ ਸਫ਼ਲਤਾ ਕਰਾਰ ਦਿੰਦਿਆਂ ਐਸਐਸਪੀ ਖੱਖ ਨੇ ਕਿਹਾ ਕਿ ਉਹ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ, ਭਾਵੇਂ ਉਨ੍ਹਾਂ ਦੇ ਸੰਪਰਕ ਕਿਸੇ ਨਾਲ ਵੀ ਹੋਣ, ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।

ਇਸ ਸਬੰਧੀ ਥਾਣਾ ਨਕੋਦਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਲ ਹੀ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਤੋਂ ਬਾਅਦ ਇਸ ਕੇਸ ਵਿੱਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 111 ਅਤੇ 61 (2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25.6, 25.7, 25.8 ਅਤੇ 25(1ਬੀ) ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22(ਸੀ), 29, ਅਤੇ 25 ਨੂੰ ਸ਼ਾਮਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here