ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਹੋਈ ਮੌਤ || Chandigarh News
ਕੁਝ ਦਿਨ ਪਹਿਲਾਂ ਹੀ ਇਕ ਖਬਰ ਸਾਹਮਣੇ ਆਈ ਸੀ ਕਿ ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇੱਕ ਵਾਰ ਫੇਰ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚੰਡੀਗੜ੍ਹ ਦੇ ਸੈਕਟਰ-45 ਦੇ ਇੱਕ ਘਰ ਵਿੱਚ ਖੇਡਦੇ ਸਮੇਂ ਡੇਢ ਸਾਲ ਦੀ ਬੱਚੀ ਪਾਣੀ ਦੀ ਬਾਲਟੀ ਵਿੱਚ ਜਾ ਡਿੱਗੀ। ਡੁੱਬਣ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ | ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਬੱਚੀ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਤੇ ਉਸਦੀ ਅਚਾਨਕ ਹੋਈ ਮੌਤ ਸਬੰਧੀ ਕਾਰਵਾਈ ਕੀਤੀ।
ਕਿਵੇਂ ਹੋਈ ਮੌਤ ?
ਮਿਲੀ ਜਾਣਕਾਰੀ ਅਨੁਸਾਰ ਸੈਕਟਰ-45 ਵਾਸੀ ਵਿਕਾਸ ਆਪਣੇ ਪਰਿਵਾਰ ਦੇ ਨਾਲ ਦੂਜੀ ਮੰਜ਼ਿਲ ‘ਤੇ ਰਹਿੰਦਾ ਹੈ। ਉਹ ਮਕਾਨਾਂ ਨੂੰ ਪੇਂਟ ਕਰਨ ਦਾ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਸੋਮਵਾਰ ਦੇਰ ਸ਼ਾਮ ਉਸਦੀ 19 ਮਹੀਨਿਆਂ ਦੀ ਧੀ ਘਰ ਹੀ ਖੇਡ ਰਹੀ ਸੀ। ਇਸ ਦੌਰਾਨ ਉਹ ਘਰ ਵਿੱਚ ਰੱਖੀ ਪਾਣੀ ਨਾਲ ਭਰੀ ਬਾਲਟੀ ਵਿੱਚ ਡਿੱਗ ਗਈ । ਕਿਸੇ ਵੱਲੋਂ ਇਹ ਧਿਆਨ ਨਹੀਂ ਦਿੱਤਾ ਗਿਆ ਕਿ ਬੱਚੀ ਕਿਥੇ ਹੈ ਜਿਸਦੇ ਚੱਲਦਿਆਂ ਕਾਫੀ ਸਮਾਂ ਪਾਣੀ ਵਿੱਚ ਡਿੱਗੇ ਰਹਿਣ ਕਾਰਨ ਉਸਦੀ ਮੌਤ ਹੋ ਗਈ।
ਡਾਕਟਰਾਂ ਨੇ ਐਲਾਨਿਆ ਮ੍ਰਿਤਕ
ਜਦੋਂ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਦੇਖਿਆ ਤਾਂ ਉਹਨਾਂ ਵੱਲੋਂ ਬੱਚੀ ਨੂੰ ਤੁਰੰਤ ਇਲਾਜ ਲਈ ਜੀਐੱਮਐੱਸਐਚ-16 ਵਿੱਚ ਲਿਜਾਇਆ ਗਿਆ | ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਤੇ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ । ਸੂਚਨਾ ਮਿਲਣ ‘ਤੇ ਪੁਲਿਸ ਟੀਮ ਹਸਪਤਾਲ ਪਹੁੰਚੀ। ਮੰਗਲਵਾਰ ਨੂੰ ਬੱਚੀ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਅੰਤਿਮ ਸਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਅਚਾਨਕ ਹੋਈ ਮੌਤ ਕਾਰਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੀ ਜਾਂਚ ਕੀਤੀ ਜਾ ਰਹੀ ਹੈ।