ਬਰਨਾਲਾ ’ਚ ਬਣਿਆ ਦਹਿਸ਼ਤ ਦਾ ਮਾਹੌਲ, ਇੱਕ ਦਿਨ ਵਿੱਚ ਮਿਲੀ ਦੂਜੀ ਲਾਸ਼
ਬਰਨਾਲਾ ਜ਼ਿਲੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਦਰਅਸਲ, ਜ਼ਿਲ੍ਹੇ ਵਿੱਚੋਂ ਇੱਕ ਦਿਨ ਵਿੱਚ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਦੂਸਰੀ ਲਾਸ਼ ਰੇਲਵੇ ਸਟੇਸ਼ਨ ਬਰਨਾਲਾ ਨੇੜੇ ਮਿਲੀ ਹੈ, ਜਿਸਦੀ ਪਛਾਣ ਕਰਮਜੀਤ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਮ੍ਰਿਤਕ 2 ਦਿਨਾਂ ਤੋਂ ਲਾਪਤਾ ਸੀ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰ ਸਮੇਂ ਇੱਕ ਲਾਸ਼ ਬਰਨਾਲਾ ਦੇ ਇੱਕ ਖੇਤ ਦੇ ਕਮਰੇ ਵਿੱਚੋਂ ਮਿਲੀ ਸੀ, ਜਿਸਦੀ ਪਛਾਣ ਨਹੀਂ ਹੋ ਸਕੀ ਸੀ ਅਤੇ ਮੌਤ ਦੇ ਕਾਰਨ ਵੀ ਸ਼ੱਕੀ ਲੱਗਦੇ ਸਨ।
2 ਦਿਨ ਪਹਿਲਾਂ ਘਰੋਂ ਦਵਾਈ ਲੈਣ ਲਈ ਬਰਨਾਲਾ ਆਇਆ ਮ੍ਰਿਤਕ
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਰਪਾਲ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਫੌਜੀ ਕਰਮਜੀਤ ਸਿੰਘ ਵਾਸੀ ਜ਼ੀਰੋ ਪੁਆਇੰਟ ਬਰਨਾਲਾ ਤੋਂ 2 ਦਿਨ ਪਹਿਲਾਂ ਘਰੋਂ ਦਵਾਈ ਲੈਣ ਲਈ ਬਰਨਾਲਾ ਆਇਆ ਸੀ। ਪਰ ਜਦੋਂ ਉਹ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜੀਆਰਪੀ ਪੁਲਿਸ ਨੂੰ ਬਰਨਾਲਾ ਰੇਲਵੇ ਸਟੇਸ਼ਨ ਨੇੜੇ ਇੱਕ ਵਿਹੜੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ। ਜਦੋਂ ਇਸ ਲਾਸ਼ ਦੀ ਫੋਟੋ ਅਤੇ ਜਾਣਕਾਰੀ ਵਟਸਐਪ ਗਰੁੱਪਾਂ ਵਿੱਚ ਸਾਂਝੀ ਕੀਤੀ ਗਈ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਇਹ ਲਾਸ਼ ਸੇਵਾਮੁਕਤ ਅਧਿਕਾਰੀ ਕਰਮਜੀਤ ਸਿੰਘ ਦੀ ਹੈ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਬਰਨਾਲਾ ਪੁੱਜੇ।
ਹਸਪਤਾਲ ‘ਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼
ਇਸ ਮੌਕੇ ਤਫਤੀਸ਼ੀ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਬਰਨਾਲਾ ਤੋਂ ਸੂਚਨਾ ਮਿਲੀ ਸੀ ਕਿ ਹਸਪਤਾਲ ‘ਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਵਿਅਕਤੀ ਕਰਮਜੀਤ ਸਿੰਘ ਵਾਸੀ ਜ਼ੀਰੋ ਪੁਆਇੰਟ ਬਰਨਾਲਾ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਲੱਗੇਗਾ।