ਨਿੱਜੀ ਯੂਨੀਵਰਸਿਟੀ ‘ਚ ਲਾਈਬ੍ਰੇਰੀਅਨ ਨਾਲ ਵਾਪਰ ਗਿਆ ਭਾਣਾ , ਹੋਈ ਮੌਤ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਰਿਮਟ ਯੂਨੀਵਰਸਿਟੀ ‘ਚ ਵੱਡਾ ਹਾਦਸਾ ਵਾਪਰ ਗਿਆ ਜਿਸ ‘ਚ ਲਾਈਬ੍ਰੇਰੀਅਨ ਦੀ ਮੌਤ ਹੋ ਗਈ | ਦਰਅਸਲ , ਯੂਨੀਵਰਸਿਟੀ ਦੀ ਬਿਲਡਿੰਗ ਨੂੰ ਬਿਨਾਂ ਖਾਲੀ ਕਰਵਾਏ ਉੱਥੇ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਭਾਰੀ ਲੋਹੇ ਦੀ ਪਲੇਟਾਂ/ਟਾਈਲਾਂ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਇੱਕ ਲੜਕੀ ਉਤੇ ਡਿੱਗ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ।
ਪੈਸੇ ਦੀ ਧੌਂਸ ਦਿਖਾ ਕੇ ਮਾਮਲੇ ਨੂੰ ਚਾਹੁੰਦੇ ਦਬਾਉਣਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਯੂਨੀਵਰਸਿਟੀ ਦੇ ਮਾਲਕਾਂ ਤੇ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਥਾਣਾ ਸਰਹਿੰਦ ਵਿਖੇ ਇਕੱਠੇ ਹੋਏ ਰੋਸ ਪ੍ਰਗਟ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਪੈਸੇ ਦੀ ਧੌਂਸ ਦਿਖਾ ਕੇ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ ਜਦੋਂ ਕਿ ਉਨਾਂ ਦੀ ਲੜਕੀ ਦੀ ਮੌਤ ਲਈ ਕ੍ਰੇਨ ਆਪਰੇਟਰ ਨਹੀਂ ਯੂਨੀਵਰਸਿਟੀ ਦੇ ਮਾਲਕ ਤੇ ਪ੍ਰਬੰਧਕ ਜ਼ਿੰਮੇਵਾਰ ਹਨ। ਜਿਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਉਥੇ ਹੀ ਇਸ ਮਾਮਲੇ ਸਬੰਧੀ ਡੀ.ਐਸ.ਪੀ. ਸੁਖਨਾਜ਼ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।