ਅਮਰੀਕੀ ਨਾਗਰਿਕ ਅਤੇ ਅਮਰੀਕੀ ਨਿਊਜ਼ ਤੇ ਮਨੋਰੰਜਨ ਕੰਪਨੀ ਨਾਲ ਜੁੜੇ ਪੱਤਰਕਾਰ ਵਾਈਸ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ ਤੋਂ ਕਥਿਤ ਤੌਰ ‘ਤੇ ਡਿਪੋਰਟ ਕਰ ਦਿੱਤਾ ਗਿਆ ਸੀ, ਪੰਜਾਬ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਨੂੰ ਇਸ ਗੱਲ ਦਾ ਦਾਅਵਾ ਕੀਤਾ ਹੈ।
ਉਸ ਦੇ ਪਰਿਵਾਰ ਮੁਤਾਬਕ ਅੰਗਦ ਸਿੰਘ ਬੁੱਧਵਾਰ ਰਾਤ 8:30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਅਤੇ ਤਿੰਨ ਘੰਟਿਆਂ ਦੇ ਅੰਦਰ ਉਸ ਨੂੰ ਅਮਰੀਕਾ ਭੇਜ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਅੰਗਦ ਸਿੰਘ ਇੱਕ ਪਰਿਵਾਰਕ ਨਿੱਜੀ ਕੰਮ ਲਈ ਆਇਆ ਸੀ। ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ 28 ਸਾਲਾਂ ਸਿੱਖ ਨੌਜਵਾਨ ਨੂੰ ਬਿਨਾਂ ਕਾਰਨ ਦੱਸੇ ਅਮਰੀਕਾ ਡਿਪੋਰਟ(American Sikh deported) ਕਰ ਦਿੱਤਾ ਗਿਆ ਹੈ।
ਇਸ ਬਾਰੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ‘ਤੇ ਕਿਤਾਬ ਲਿਖਣ ਵਾਲੀ ਸਿੱਖ ਬੀਬੀ ਗੁਰਮੀਤ ਕੌਰ ਨੇ ਸੋਸ਼ਲ ਮੀਡੀਆ ਉੱਤੇ ਪ੍ਰਗਟਾਵਾ ਕੀਤਾ ਹੈ। ਡਿਪੋਰਟ ਕੀਤਾ ਸਿੱਖ ਨੌਜਵਾਨ ਅੰਗਦ ਸਿੰਘ ਬੀਬੀ ਗੁਰਮੀਤ ਕੌਰ ਦਾ ਪੁੱਤਰ ਹੈ।
ਬੀਬੀ ਨੇ ਫੇਸਬੁੱਕ ਤੇ ਸ਼ੇਅਰ ਕੀਤੀ ਪੋਸਟ ਵਿੱਚ ਕਿਹਾ ਹੈ ਕਿ ‘ਅੱਜ, ਇੱਕ ਪੀੜ੍ਹੀ ਬਾਅਦ, ਮੇਰਾ ਬੇਟਾ ਇੱਕ ਅਮਰੀਕੀ ਨਾਗਰਿਕ, ਜੋ 18 ਘੰਟੇ ਦਾ ਸਫ਼ਰ ਕਰਕੇ ਪੰਜਾਬ ਵਿੱਚ ਸਾਨੂੰ ਮਿਲਣ ਲਈ ਦਿੱਲੀ ਆਇਆ ਸੀ ਪਰ ਉਸਨੂੰ ਬਿਨਾ ਕੋਈ ਕਾਰਨ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦਿੱਲੀ ਤੋਂ ਵਾਪਸ ਅਮਰੀਕਾ ਡਿਪੋਰਟ ਕਰ ਦਿੱਤਾ ਗਿਆ ਹੈ।’
ਉਨ੍ਹਾਂ ਨੇ ਅੱਗੇ ਕਿਹਾ ਕਿ ‘ਡਿਪੋਰਟ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਅਸੀਂ ਜਾਣਦੇ ਹਾਂ ਕਿ ਇਹ ਉਸਦੀ ਪੁਰਸਕਾਰ ਜੇਤੂ ਪੱਤਰਕਾਰੀ ਹੈ, ਜੋ ਉਨ੍ਹਾਂ ਨੂੰ ਡਰਾਉਂਦੀ ਹੈ।’
ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ “ਅੰਗਦ ਸਿੰਘ ਦੱਖਣੀ ਏਸ਼ੀਆ ਨੂੰ ਕਵਰ ਕਰਦਾ ਹੈ। ਉਨ੍ਹਾਂ ਨੇ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ‘ਤੇ ਇੱਕ ਡਾਕੂਮੈਂਟਰੀ ਬਣਾਈ ਸੀ। ਭਾਰਤ ਵਿੱਚ ਦਲਿਤਾਂ ‘ਤੇ ਇੱਕ ਡਾਕੂਮੈਂਟਰੀ ਬਣਾਉਣ ਲਈ ਪੱਤਰਕਾਰ ਵਜੋਂ ਵੀਜ਼ਾ ਲਈ ਉਸ ਦੀ ਬੇਨਤੀ ਨੂੰ ਹਾਲ ਹੀ ਵਿੱਚ ਰੱਦ ਕਰ ਦਿੱਤਾ ਗਿਆ ਸੀ। ਹੁਣ ਉਹ ਇੱਕ ਨਿੱਜੀ ਦੌਰੇ ‘ਤੇ ਸੀ ਪਰ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ।