ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਨਗਰ ਕੌਂਸਲ ਸੁਨਾਮ ਨੂੰ 2.85 ਕਰੋੜ ਦੀ ਹੋਰ ਗ੍ਰਾਂਟ ਜਾਰੀ ਕੀਤੀ ਗਈ ਹੈ ਤਾਂ ਕਿ ਇਸ ਹਲਕੇ ਸੁਨਾਮ ਦੀ ਨੁਹਾਰ ਬਦਲਣ ਲਈ ਅਰੰਭੇ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਤੀ ਸ਼ਾਮ ਆਯੋਜਿਤ ਇਕ ਸਮਾਗਮ ਦੌਰਾਨ ਸੁਨਾਮ ਸ਼ਹਿਰ ਦੇ ਕਾਇਆ ਕਲਪ ਲਈ ਇਹ ਰਾਸ਼ੀ ਨਗਰ ਕੌਂਸਲ ਨੂੰ ਜਾਰੀ ਕਰਦਿਆਂ ਕੀਤਾ।
ਅਮਨ ਅਰੋੜਾ ਨੇ ਕਿਹਾ ਕਿ ਆਲੇ ਦੁਆਲੇ ਦੀ ਸਫ਼ਾਈ ਤੰਦਰੁਸਤ ਜੀਵਨ ਲਈ ਬਹੁਤ ਜ਼ਰੂਰੀ ਹੈ ਜਿਸ ਲਈ ਪਹਿਲਾਂ ਵੀ ਸਮੇਂ ਸਮੇਂ ਸਿਰ ਨਗਰ ਕੌਂਸਲ ਨੂੰ ਸਾਫ਼ ਸਫ਼ਾਈ ਨਾਲ ਸੰਬੰਧਿਤ ਸਾਜੋ ਸਮਾਨ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਅਤਿ ਆਧੁਨਿਕ ਵਾਹਨ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਰੂਰਤ ਅਨੁਸਾਰ ਬੁਨਿਆਦੀ ਢਾਂਚਾ ਪ੍ਰਦਾਨ ਕੀਤੇ ਜਾਣ ਸਦਕਾ ਸ਼ਹਿਰ ਦੀ ਸਾਫ਼ ਸਫ਼ਾਈ ਵਿੱਚ ਵੱਡੇ ਪੱਧਰ ‘ਤੇ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਜਾਰੀ ਗ੍ਰਾਂਟ ਟਾਟਾ ਏਸ, ਈ ਰਿਕਸ਼ਾ, ਕਮਿਊਨਿਟੀ ਟਾਇਲਟਸ, ਪਬਲਿਕ ਟਾਇਲਟਸ, ਐੱਮ.ਆਰ.ਐੱਫ਼. ਸ਼ੈੱਡ, ਕੰਪੋਸਟ ਪਿੱਟਸ, ਸੀ.ਐਂਡ ਡੀ. ਸਾਈਟ ਅਪਗ੍ਰੇਡੇਸ਼ਨ ਲਈ ਵਰਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ ਡੰਪ ਬਣਾਏ ਜਾਣਗੇ ਇਸ ਨਾਲ ਜਿੱਥੇ ਕੂੜੇ ਕਰਕਟ ਦਾ ਨਿਪਟਾਰਾ ਚੰਗੇ ਤਰੀਕੇ ਨਾਲ ਹੋਵੇਗਾ, ਉੱਥੇ ਹੀ ਇਸ ਨੂੰ ਖਾਦ ਦੇ ਰੂਪ ਵਿੱਚ ਵੀ ਵਰਤਿਆ ਜਾ ਸਕੇਗਾ। ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਛੋਟੇ ਛੋਟੇ ਉਪਰਾਲਿਆਂ ਸਦਕਾ ਹੁਣ ਤੱਕ ਲੋਕਾਂ ਦੀ ਹਰ ਮੰਗ ਅਤੇ ਜ਼ਰੂਰਤ ਨੂੰ ਯੋਜਨਾ ਬਧ ਢੰਗ ਨਾਲ ਪੂਰਾ ਕਰਨ ਦੀ ਦਿਸ਼ਾ ਵਿੱਚ ਨਿਯਮਤ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਗਰਾਂਟ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੁਨਾਮ ਸ਼ਹਿਰ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਨਾਮ ਨੂੰ ਨਮੂਨੇ ਦਾ ਸ਼ਹਿਰ ਬਣਾਉਂਦੇ ਹੋਏ ਦੇਸ਼ ਦੇ ਮੂਹਰਲੀ ਕਤਾਰ ਦੇ ਸ਼ਹਿਰਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਾ ਕੇਵਲ ਸੁਨਾਮ ਸ਼ਹਿਰ ਬਲਕਿ ਹਲਕਾ ਸੁਨਾਮ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਜਿਸ ਨਾਲ ਇਲਾਕੇ ਦੀ ਨੁਹਾਰ ਵਿੱਚ ਵੱਡੇ ਬਦਲਾਅ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵਿਸੇਸ਼ ਧੰਨਵਾਦ ਕੀਤਾ ਜਿੰਨ੍ਹਾਂ ਵੱਲੋਂ ਹਲਕਾ ਸੁਨਾਮ ਨੂੰ ਵੱਡੀ ਗਿਣਤੀ ‘ਚ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਖੁਦ ਇਹਨਾਂ ਵਿਕਾਸ ਕਾਰਜਾਂ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਕਰਵਾਉਣ ਲਈ ਹਰ ਇਕ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਹਨ।