Akshay Kumar ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਕੀਤੀ ਆਰਥਿਕ ਮਦਦ
ਪਿਛਲੇ ਕਾਫੀ ਸਮੇਂ ਤੋਂ ਮਰਹੂਮ ਪੰਜਾਬੀ ਲੋਕ ਗਾਇਕ ਅਤੇ ਪਦਮ ਭੂਸ਼ਣ ਐਵਾਰਡ ਜੇਤੂ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈ ਜਿਸਦੇ ਚੱਲਦਿਆਂ ਉਸਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਪਰ ਹੁਣ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਹਨ। ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ 25 ਲੱਖ ਰੁਪਏ ਭੇਜੇ ਹਨ ਅਤੇ ਕਿਹਾ ਕਿ ਗੁਰਮੀਤ ਬਾਵਾ ਜੀ ਦੇ ਸਨਮਾਨ ਵਿੱਚ ਇਹ ਇੱਕ ਛੋਟਾ ਜਿਹਾ ਇਸ਼ਾਰਾ ਹੈ ਇਹ ਮਦਦ ਨਹੀਂ ਬਲਕਿ ਇਹ ਇੱਕ ਭਰਾ ਦਾ ਭੈਣ ਲਈ ਪਿਆਰ ਹੈ।
25 ਲੱਖ ਰੁਪਏ ਦੀ ਭੇਜੀ ਸਹਾਇਤਾ
ਇਸ ਗੱਲ ਦੀ ਪੁਸ਼ਟੀ ਕਰਦਿਆਂ ਗਲੋਰੀ ਬਾਵਾ ਨੇ ਦੱਸਿਆ ਕਿ ਅਚਨਚੇਤ ਬੈਂਕ ’ਚੋਂ ਫੋਨ ਆਉਣ ’ਤੇ ਮੈਨੂੰ ਪਤਾ ਲੱਗਿਆ ਕਿ ਅਕਸ਼ੈ ਕੁਮਾਰ ਨੇ 25 ਲੱਖ ਰੁਪਏ ਦੀ ਸਹਾਇਤਾ ਭੇਜੀ ਹੈ। ਜਿਸ ’ਤੇ ਗਲੋਰੀ ਬਾਵਾ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਦੇ ਵੀ ਅਕਸ਼ੈ ਕੁਮਾਰ ਦੇ ਮੁਲਾਕਾਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਹੈ। ਪਰ ਇਸ ਭਰਾ ਨੂੰ ਮਿਲ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੀ ਅਤੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨਣ ਦੀ ਵੀ ਤੰਮਨਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗ, ਮਾਮਲਾ ਦਰਜ
ਪੈਸੇ ਦੀ ਮਦਦ ਨਹੀਂ ਬਲਕਿ ਕੰਮ ਚਾਹੀਦਾ
ਦੱਸ ਦਈਏ ਕਿ ਬੀਤੇ ਦਿਨੀਂ ਗਲੋਰੀ ਬਾਵਾ ਨੇ ਮੀਡੀਆ ਸਾਹਮਣੇ ਆ ਕੇ ਆਪਣੀ ਆਰਥਿਕ ਸਥਿਤੀ ਦੇ ਬਾਰੇ ਗੱਲਬਾਤ ਕੀਤੀ ਸੀ । ਉਸ ਦਾ ਕਹਿਣਾ ਸੀ ਕਿ ਮਾਂ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੇ ਪੰਜ ਦੁਕਾਨਾਂ ਕਿਰਾਏ ‘ਤੇ ਚੜ੍ਹਾਈਆਂ ਹੋਈਆਂ ਸਨ । ਜਿਨ੍ਹਾਂ ‘ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ । ਜਿਸ ਤੋਂ ਬਾਅਦ ਉਸ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ । 4 ਬੱਚਿਆ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ’ਤੇ ਹੈ ਪਰ ਉਹ ਕੁਝ ਨਹੀਂ ਕਰ ਪਾ ਰਹੀ । ਗਲੋਰੀ ਬਾਵਾ ਨੇ ਕਿਹਾ ਸੀ ਕਿ ਉਸ ਨੂੰ ਪੈਸੇ ਦੀ ਮਦਦ ਨਹੀਂ ਬਲਕਿ ਕੰਮ ਚਾਹੀਦਾ ਹੈ।