ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-192, ਜਿਸ ਨੇ ਦੁਬਈ ਤੋਂ ਉਡਾਣ ਭਰੀ ਸੀ, ਨੂੰ ਹਾਲ ਹੀ ਵਿੱਚ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਇੱਕ ਮੈਡੀਕਲ ਐਮਰਜੈਂਸੀ ਸੀ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਪਾਕਿਸਤਾਨੀ ਹਵਾਈ ਖੇਤਰ ਨੂੰ ਐਮਰਜੈਂਸੀ ਇਜਾਜ਼ਤ ਦਿੱਤੀ ਜੋ ਪਿਛਲੇ ਛੇ ਸਾਲਾਂ ਤੋਂ ਭਾਰਤੀ ਜਹਾਜ਼ਾਂ ਲਈ ਬੰਦ ਸੀ। ਇੰਨਾ ਹੀ ਨਹੀਂ ਹਵਾਈ ਅੱਡੇ ‘ਤੇ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ।ਘਟਨਾ 14 ਅਕਤੂਬਰ ਦੀ ਦੱਸੀ ਜਾ ਰਹੀ ਹੈ।
ਏਅਰ ਇੰਡੀਆ ਐਕਸਪ੍ਰੈਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਦੀ ਫਲਾਈਟ ਨੰਬਰ IX-192 ਦੁਬਈ ਦੇ ਸਮੇਂ ਅਨੁਸਾਰ ਸਵੇਰੇ 8.51 ਵਜੇ ਰਵਾਨਾ ਹੋਈ ਸੀ। ਪਰ ਇਸ ਦੌਰਾਨ ਇੱਕ ਯਾਤਰੀ ਦੀ ਸਿਹਤ ਵਿਗੜਨ ਲੱਗੀ। ਸਥਿਤੀ ਅਜਿਹੀ ਸੀ ਕਿ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਚਾਲਕ ਦਲ ਨੇ ਨਜ਼ਦੀਕੀ ਹਵਾਈ ਅੱਡਾ ਲੱਭਿਆ, ਜੋ ਕਿ ਪਾਕਿਸਤਾਨ ਦਾ ਕਰਾਚੀ ਹਵਾਈ ਅੱਡਾ ਸੀ। ਐਮਰਜੈਂਸੀ ਨੂੰ ਸਮਝਦੇ ਹੋਏ, ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ ਨੇ ਭਾਰਤੀ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿੱਚ ਦਾਖਲ ਹੋਣ ਅਤੇ ਕਰਾਚੀ ਵਿੱਚ ਉਤਰਨ ਦੀ ਆਗਿਆ ਦਿੱਤੀ।
ਜਹਾਜ਼ ਪਾਕਿਸਤਾਨੀ ਸਮੇਂ ਅਨੁਸਾਰ ਦੁਪਹਿਰ ਕਰੀਬ 12.30 ਵਜੇ ਕਰਾਚੀ ਹਵਾਈ ਅੱਡੇ ‘ਤੇ ਉਤਰਿਆ।ਇਸ ਦੌਰਾਨ ਪਾਕਿਸਤਾਨ ਐਵੀਏਸ਼ਨ ਅਥਾਰਟੀ ਨੇ ਹਵਾਈ ਅੱਡੇ ‘ਤੇ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ। ਫਲਾਈਟ ਜਿਵੇਂ ਹੀ ਏਅਰਪੋਰਟ ‘ਤੇ ਲੈਂਡ ਹੋਈ ਤਾਂ ਡਾਕਟਰਾਂ ਦੀ ਟੀਮ ਨੇ ਯਾਤਰੀ ਦੀ ਜਾਂਚ ਕੀਤੀ। ਇੰਨਾ ਹੀ ਨਹੀਂ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ।ਪਾਕਿਸਤਾਨ ਦੇ ਸਮੇਂ ਮੁਤਾਬਕ ਦੁਪਹਿਰ 2.30 ਵਜੇ ਯਾਤਰੀ ਨੂੰ ਦੁਬਾਰਾ ਫਲਾਈਟ ‘ਚ ਸਵਾਰ ਹੋ ਕੇ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਗਈ।