ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਹੈ। ਦੀਪਕ ਟੀਨੂੰ ਦੇ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਧਮਕੀ ਦਿੱਤੀ ਹੈ। ਲਾਰੈਂਸ ਗੈਂਗ ਨੇ ਫੇਸਬੁੱਕ ਪੋਸਟ ਪਾ ਕੇ ਪੰਜਾਬ ਅਤੇ ਹਰਿਆਣਾ ਪੁਲਸ ਨੂੰ ਦੀਪਕ ਟੀਨੂੰ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਟੀਨੂੰ ਸ਼ਨੀਵਾਰ ਰਾਤ ਨੂੰ ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਉਸ ਵੇਲੇ ਫਰਾਰ ਹੋ ਗਿਆ ਸੀ, ਜਦੋਂ ਉਸ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਪੁੱਛਗਿੱਛ ਲਈ ਪੁਲਿਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾ ਰਹੀ ਸੀ।
ਇਹ ਵੀ ਪੜ੍ਹੋ : MLA ਪ੍ਰਤਾਪ ਬਾਜਵਾ ਦੇ ਹਲਕੇ ‘ਚ ਕਾਂਗਰਸ ਨੂੰ ਝਟਕਾ, ਕੌਂਸਲ ਪ੍ਰਧਾਨ ਸਮੇਤ ਚਾਰ MC…
ਲਾਰੈਂਸ ਗੈਂਗ ਨੇ ਲਿਖਿਆ ਹੈ ਕਿ ਇਹ ਪੋਸਟ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਪੁਲਿਸ ਲਈ ਹੈ। ਸਾਡਾ ਭਰਾ ਟੀਨੂੰ ਉਰਫ ਦੀਪਕ ਪੁਲਿਸ ਹਿਰਾਸਤ ’ਚੋ ਫਰਾਰ ਹੋ ਗਿਆ ਹੈ। ਪੁਲਿਸ ਉਸ ਦੇ ਨਾਲ ਕੁੱਝ ਵੀ ਨਾਜਾਇਜ਼ ਕਰ ਸਕਦੀ ਹੈ, ਇਹ ਪੋਸਟ ਇਸ ਲਈ ਪਾਉਣੀ ਪੈ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਪੁਲਿਸ ਪਹਿਲਾਂ ਹੀ ਬਹੁਤ ਧੱਕਾ ਕਰ ਚੁੱਕੀ ਹੈ, ਹੁਣ ਹੋਰ ਨਹੀਂ ਸਹਿਣਾ। ਸਾਨੂੰ ਮਜ਼ਬੂਰ ਨਾ ਕੀਤਾ ਜਾਵੇ। ਜੋ ਵੀ ਬਣਦੀ ਕਾਰਵਾਈ ਹੈ ਪੁਲਿਸ ਉਹ ਕਰੇ। ਅਜੇ ਵੀ ਸਮਝ ਜਾਓ ਜੇ ਸਾਡੇ ਭਰਾ ਨਾਲ ਕੁੱਝ ਨਜਾਇਜ਼ ਹੋਇਆ ਤਾਂ ਇਹ ਚੀਜ਼ ਭੁਗਤਣੀ ਪਵੇਗੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਅਤੇ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ। ਸੂਤਰਾਂ ਮੁਤਾਬਕ ਸ਼ਨੀਵਾਰ ਰਾਤ ਮਾਨਸਾ ਪੁਲਿਸ ਗੈਂਗਸਟਰ ਦੀਪਕ ਟੀਨੂੰ ਨੂੰ ਗੋਇੰਦਵਾਲ ਸਾਹਿਬ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਦੀਪਕ ਏ ਕੈਟਾਗਿਰੀ ਦਾ ਖ਼ਤਰਨਾਕ ਗੈਂਗਸਟਰ ਹੈ, ਜਿਸ ’ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਲੁੱਟ-ਖੋਹ ਸਣੇ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਨਸਾ ਪੁਲਿਸ ਦੀਪਕ ਨੂੰ ਪੁੱਛਗਿੱਛ ਲਈ ਲੈ ਕੇ ਜਾ ਰਹੀ ਸੀ। 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਇਸ ਤੋਂ ਦੋ ਦਿਨ ਪਹਿਲਾਂ ਹੀ ਮਤਲਬ 27 ਮਈ ਨੂੰ ਲਾਰੈਂਸ ਨੇ ਦੀਪਕ ਟੀਨੂੰ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੇ ਚੱਲਦੇ ਪੁਲਿਸ ਵਲੋਂ ਦੀਪਕ ਟੀਨੂੰ ਤੋਂ ਪੁੱਛਗਿੱਛ ਕੀਤੀ ਜਾਣੀ ਸੀ।