ਵਿਵਾਦਾਂ ਮਗਰੋਂ ਕੰਗਨਾ ਰਣੌਤ ਦੀ ਐਮਰਜੈਂਸੀ ਨੂੰ ਮਿਲੀ ਹਰੀ ਝੰਡੀ, ਇਸ ਦਿਨ ਹੋਵੇਗੀ ਰਿਲੀਜ਼
ਕੰਗਨਾ ਰਣੌਤ ਜਿੱਥੇ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉੱਥੇ ਹੀ ਉਹਨਾਂ ਦੀ ਫ਼ਿਲਮ ਐਮਰਜੈਂਸੀ ਵੀ ਵਿਵਾਦਾਂ ‘ਚ ਰਹੀ ਹੈ | ਪਰ ਹੁਣ ਇਸ ਫ਼ਿਲਮ ਨੂੰ ਹਰੀ ਝੰਡੀ ਮਿਲ ਗਈ ਹੈ। ਪਹਿਲਾਂ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਇਸ ਦੀ ਫਿਲਮ ਦੀ ਹੁਣ ਨਵੀਂ ਰਿਲੀਜ਼ ਮਿਤੀ ਸਾਹਮਣੇ ਆ ਗਈ ਹੈ। ਹੁਣ ਇਹ ਫਿਲਮ 17 ਜਨਵਰੀ ਨੂੰ ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ | ਇਹ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ ਕਿ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ
ਆਪਣੀ ਫਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ’17 ਜਨਵਰੀ 2025…ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਦੀ ਮਹਾਂਕਾਵਿ ਗਾਥਾ ਅਤੇ ਉਹ ਪਲ ਜਿਸਨੇ ਭਾਰਤ ਦੀ ਕਿਸਮਤ ਨੂੰ ਬਦਲ ਦਿੱਤਾ। ਐਮਰਜੈਂਸੀ-ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।’
View this post on Instagram
ਫਿਲਮ ਲੰਬੇ ਸਮੇਂ ਤੋਂ ਵਿਵਾਦਾਂ ‘ਚ ਰਹੀ
ਕੰਗਨਾ ਦੀ ਇਹ ਫਿਲਮ ਲੰਬੇ ਸਮੇਂ ਤੋਂ ਵਿਵਾਦਾਂ ‘ਚ ਰਹੀ ਹੈ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਐਮਰਜੈਂਸੀ ‘ਤੇ ਰੋਕ ਲਗਾ ਦਿੱਤੀ ਗਈ ਸੀ। ਧਾਰਮਿਕ ਸਮੂਹਾਂ ਦਾ ਦੋਸ਼ ਹੈ ਕਿ ਫਿਲਮ ਨੇ ਉਨ੍ਹਾਂ ਦੇ ਸਮਾਜ ਦੀ ਗਲਤ ਤਸਵੀਰ ਪੇਸ਼ ਕੀਤੀ ਹੈ। ਫਿਲਮ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਉਦੋਂ ਤੋਂ ਹੀ ਫਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਪੰਜਾਬ ਵਿੱਚ ਫਿਲਮ ਖਿਲਾਫ ਕਿੰਨੇ ਹੀ ਪ੍ਰਦਰਸ਼ਨ ਹੋਏ ਅਤੇ ਇਸ ਫਿਲਮ ਨੂੰ ਬੈਨ ਕਰਨ ਦੀ ਲਗਾਤਾਰ ਮੰਗ ਕੀਤੀ ਗਈ।
ਪਹਿਲਾਂ CBFC ਨੇ ਦੇ ਦਿੱਤਾ ਸੀ ਸਰਟੀਫਿਕੇਟ
ਦੱਸ ਦਈਏ ਕਿ ਫਿਲਮ ਨੂੰ ਪਹਿਲਾਂ CBFC ਨੇ ਸਰਟੀਫਿਕੇਟ ਦਿੱਤਾ ਸੀ ਪਰ ਜਦੋਂ ਸਿੱਖ ਭਾਈਚਾਰੇ ਦਾ ਗੁੱਸਾ ਸਾਹਮਣੇ ਆਇਆ ਤਾਂ ਦੇਖਿਆ ਗਿਆ ਕਿ ਲੋਕ ਵਿਰੋਧ ਕਰਦੇ ਹੋਏ ਮੱਧ ਪ੍ਰਦੇਸ਼ ਹਾਈਕੋਰਟ ਪਹੁੰਚੇ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਨਿਰਮਾਤਾਵਾਂ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ CBFC ਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਸਿੱਖਾਂ ਦੇ ਇਤਰਾਜ਼ਾਂ ‘ਤੇ ਵਿਚਾਰ ਕਰਨ ਦਾ ਹੁਕਮ ਦੇ ਦਿੱਤਾ ਸੀ ।ਇੰਨੇ ਵਿਵਾਦਾਂ ਮਗਰੋਂ ਆਖ਼ਿਰਕਾਰ ਇਹ ਫ਼ਿਲਮ ਹੁਣ ਰਿਲੀਜ਼ ਹੋਣ ਜਾ ਰਹੀ ਹੈ |