ਧੋਨੀ ਤੋਂ ਬਾਅਦ ਹੁਣ ਯੁਵਰਾਜ ਸਿੰਘ ਦੇ ਜੀਵਨ ‘ਤੇ ਬਣੇਗੀ ਫਿਲਮ , ਜਾਣੋ ਕਿਹੜਾ ਅਦਾਕਾਰ ਨਿਭਾਵੇਗਾ ਇਹ ਮੁੱਖ ਕਿਰਦਾਰ ?
MS ਧੋਨੀ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਦੇ ਮਹਾਨ ਆਲਰਾਊਂਡਰ ਯੁਵਰਾਜ ਸਿੰਘ ਦੇ ਜੀਵਨ ‘ਤੇ ਫਿਲਮ ਬਣਨ ਜਾ ਰਹੀ ਹੈ। ਯੁਵਰਾਜ ਸਿੰਘ ਨੇ ਖੁਦ ਆਪਣੀ ਬਾਇਓਪਿਕ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਫਿਲਮ ਆਲੋਚਕ ਤਰਨ ਆਦਰਸ਼ ਨੇ ਵੀ ਇਕ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਧਿਆਨਯੋਗ ਹੈ ਕਿ ਭਾਰਤ ਦੀ ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਹੈ । ਉਹ ਕੈਂਸਰ ਨਾਲ ਲੜਨ ਤੋਂ ਬਾਅਦ ਮੈਦਾਨ ‘ਤੇ ਪਰਤਿਆ, ਜੋ ਹਰ ਕਿਸੇ ਨੂੰ ਪ੍ਰੇਰਿਤ ਕਰਦਾ ਹੈ।
ਫਿਲਮ ਮੇਕਰ ਦਾ ਕੀਤਾ ਧੰਨਵਾਦ
ਯੁਵਰਾਜ ਸਿੰਘ ਨੇ 2007 ਦੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਖ਼ਿਲਾਫ਼ ਛੇ ਛੱਕੇ ਮਾਰ ਸਭ ਦਾ ਦਿਲ ਜਿੱਤ ਲਿਆ ਸੀ ਤੇ 2011 ਦੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਮੈਚ ਨੂੰ ਭਾਰਤ ਦੀ ਝੋਲੀ ਵਿੱਚ ਪਾਉਣ ‘ਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ | ਬੱਲੇ ਅਤੇ ਗੇਂਦ ਤੋਂ ਇਲਾਵਾ ਫੀਲਡਿੰਗ ‘ਚ ਵੀ ਯੁਵਰਾਜ ਸਿੰਘ ਨੇ ਅਜਿਹੀ ਛਾਪ ਛੱਡੀ ਜਿਸ ਨੂੰ ਨੌਜਵਾਨ ਅੱਜ ਵੀ ਫਾਲੋ ਕਰਦੇ ਹਨ। ਇਸ ਮਹਾਨ ਕ੍ਰਿਕਟਰ ਦੀ ਜ਼ਿੰਦਗੀ ‘ਤੇ ਫਿਲਮ ਬਣਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੰਦੇ ਹੋਏ ਯੁਵਰਾਜ ਸਿੰਘ ਨੇ ਫਿਲਮ ਮੇਕਰ ਦਾ ਧੰਨਵਾਦ ਕੀਤਾ ਹੈ।
ਕੌਣ ਆਵੇਗਾ ਮੁੱਖ ਭੂਮਿਕਾ ‘ਚ ਨਜ਼ਰ
ਯੁਵਰਾਜ ਸਿੰਘ ਦੀ ਬਾਇਓਪਿਕ ਨੂੰ ਭੂਸ਼ਣ ਕੁਮਾਰ-ਰਵੀ ਭਾਗਚੰਦਕਾ ਪ੍ਰੋਡਿਊਸ ਕਰਨਗੇ। ਨਾਲ ਹੀ ਇਸ ਫਿਲਮ ‘ਚ ਯੁਵੀ ਦੇ ਕਿਰਦਾਰ ਨੂੰ ਪਰਦੇ ‘ਤੇ ਜ਼ਿੰਦਾ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਬਾਲੀਵੁੱਡ ਦੇ ਉੱਭਰਦੇ ਕਲਾਕਾਰ ਸਿਧਾਂਤ ਚਤੁਰਵੇਦੀ ਨੇ ਯੁਵਰਾਜ ਸਿੰਘ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਇੱਛਾ ਜਤਾਈ ਸੀ। ਯੁਵਰਾਜ ਸਿੰਘ ਦੇ ਕਿਰਦਾਰ ਨੂੰ ਪਰਦੇ ‘ਤੇ ਜ਼ਿੰਦਾ ਕਰਨ ਲਈ ਰਣਵੀਰ ਕਪੂਰ ਵੀ ਵਧੀਆ ਵਿਕਲਪ ਹੋ ਸਕਦੇ ਹਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦਾ ਕਿਰਦਾਰ ਨਿਭਾਅ ਚੁੱਕੇ ਹਨ।
ਇਹ ਵੀ ਪੜ੍ਹੋ : ਅੱਜ ਨਾਂਦੇੜ ਜਾਣਗੇ ਮੁੱਖ ਮੰਤਰੀ ਮਾਨ, ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣਗੇ ਨਤਮਸਤਕ
ਸੁਸ਼ਾਂਤ ਸਿੰਘ ਰਾਜਪੂਤ ਬਣੇ ਸੀ ਧੋਨੀ
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ‘ਤੇ ਆਧਾਰਿਤ ਫਿਲਮ ਐਮਐਸ ਧੋਨੀ – ਦ ਅਨਟੋਲਡ ਸਟੋਰੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ | ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ ਸੀ। ਸੁਸ਼ਾਂਤ ਨੇ ਪਰਦੇ ‘ਤੇ ਧੋਨੀ ਦਾ ਕਿਰਦਾਰ ਇਸ ਤਰ੍ਹਾਂ ਨਿਭਾਇਆ ਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ‘ਚ ਵੀ ਧੋਨੀ ਵਾਂਗ ਸਮਝਣ ਲੱਗੇ।