ਪੰਜਾਬ ਦੇ ਨੌਜਵਾਨ ਨੇ ਵਿਦੇਸ਼ ‘ਚ ਕੀਤਾ ਨਾਂ ਰੋਸ਼ਨ, ‘ਟੋਰੋਂਟੋ ਪੁਲਿਸ ‘ਚ ਬਣਿਆ ਅਫਸਰ
ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ ‘ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫ਼ਸਰ’ ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਪਟਿਆਲਾ ਦਾ ਵਸਨੀਕ ਰਣਿੰਦਰਜੀਤ ਸਿੰਘ 2019 ਵਿੱਚ ਕੈਨੇਡਾ ਗਿਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹੀ ਹਨ। ਦੋਹਾਂ ਨੇ ਆਪਣਾ ਚਾਅ ਸਾਂਝਾ ਕਰਦਿਆਂ ਦੱਸਿਆ ਕਿ ਇਸ ਅਹੁਦੇ ਦੀ ਛੇ ਹਫ਼ਤੇ ਦੀ ਸਿਖਲਾਈ ਉਪਰੰਤ ਹੁਣ ਜਦੋਂ ਉਨ੍ਹਾਂ ਦਾ ਲਾਡਲਾ ਪੁੱਤਰ ਰਣਿੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ ਤਾਂ ਉਹ ਬਹੁਤ ਖੁਸ਼ ਹਨ।
ਰਣਿੰਦਰਜੀਤ ਸਿੰਘ ਨੇ ਸਿਖਲਾਈ ਪ੍ਰੋਗਰਾਮ ਦੌਰਾਨ ਨੇ ਅਕਾਦਮਿਕ ਪੇਪਰ ਵਿੱਚ 150 ਵਿੱਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ, ਜਿਸ ਕਾਰਨ ਉਨਾਂ ਨੂੰ ਡਿਪਟੀ ਚੀਫ਼ ਆਫ਼ ਟਰੋਂਟੋ ਪੁਲਿਸ ਲੌਰੈਨ ਪੌਗ ਵੱਲੋਂ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਉਸਨੇ ਖੁਸ਼ੀ ਸਹਿਤ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਐਵਾਰਡ ਮਿਲਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗ, ਮਾਮਲਾ ਦਰਜ
ਰਣਿੰਦਰਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ ਜੋ ਖ਼ੁਦ ਇਸੇ ਅਹੁਦੇ ਉੱਤੇ ਕਾਰਜਸ਼ੀਲ ਹੈ। ਜ਼ਿਕਰਯੋਗ ਹੈ ਕਿ ਸਿਖਲਾਈ ਪ੍ਰੋਗਰਾਮ ਦੌਰਾਨ 25 ਵਿਅਕਤੀਆਂ ਦੇ ਸਮੂਹ ਵਿੱਚ ਉਹ ਸਭ ਤੋਂ ਛੋਟੀ ਉਮਰ ਦਾ ਸੀ।