ਮਾਨਸਾ ‘ਚ ਨੌਜਵਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਦੇਸ਼ ਦੇ ਕਿਸਾਨ ਕਰਜੇ ਤੋ ਇੰਨੇ ਪਰੇਸ਼ਾਨ ਹੋ ਜਾਂਦੇ ਹਨ ਕਿ ਪਲਾਂ ਚ ਹੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੰਦੇ ਹਨ | ਇਸੇ ਦੇ ਚੱਲਦਿਆ ਕਰਜ਼ੇ ਤੋਂ ਪਰੇਸ਼ਾਨ ਹੋਣ ਕਾਰਨ ਸ਼ਹਿਰ ਦੇ ਵਾਰਡ ਨੰਬਰ ਇਕ ਨਿਰਵੈਰ ਨਗਰ ਦੇ ਵਸਨੀਕ ਦਲਿਤ ਪਰਿਵਾਰ ਦੇ ਨੌਜਵਾਨ ਗਗਨਦੀਪ ਸਿੰਘ ਉਮਰ 25 ਪੁੱਤਰ ਹਾਕਮ ਸਿੰਘ ਨੇ ਜ਼ਹਿਰੀਲੀ ਚੀਜ਼ ਪੀਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ 2 ਲੜਕੀਆਂ ਦਾ ਪਿਤਾ ਸੀ।
ਨੌਜਵਾਨ ਕਰਦਾ ਸੀ ਮਜ਼ਦੂਰੀ
ਇਹ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਦੱਸਿਆ ਕਿ ਆਤਮਹੱਤਿਆ ਕਰਨ ਵਾਲਾ ਨੌਜਵਾਨ ਮਜ਼ਦੂਰੀ ਕਰਦਾ ਸੀ, ਜਿਸ ਦੇ ਸਿਰ ਪ੍ਰਾਈਵੇਟ ਫ਼ਾਇਨਾਂਸ ਕੰਪਨੀਆਂ ਅਤੇ ਹੋਰ ਪ੍ਰਾਈਵੇਟ ਕਰਜ਼ਾ ਚੜ੍ਹਿਆ ਹੋਇਆ ਸੀ। ਕਰਜ਼ੇ ਦੇ ਕਾਰਨ ਕੁਝ ਮਹੀਨਿਆਂ ਤੋਂ ਪਰੇਸ਼ਾਨ ਰਹਿੰਦਾ ਸੀ। ਸਵੇਰੇ 5 ਵਜੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ, ਜਿਸ ਦਾ ਸਰਕਾਰੀ ਹਸਪਤਾਲ ਅੰਦਰ ਪੋਸਟਮਾਰਟਮ ਅਤੇ ਪੁਲਿਸ ਕਾਰਵਾਈ ਕਰਨ ਬਾਅਦ ਸੰਸਕਾਰ ਕਰ ਦਿੱਤਾ ਹੈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ 5 ਲੱਖ ਮੁਆਵਜ਼ਾ ਅਤੇ ਸਾਰਾਂ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।