ਚੱਲਦੀ ਕਾਰ ਉਤੇ ਡਿੱਗਿਆ ਦਰੱਖਤ, ਪੇਪਰ ਦੇਣ ਜਾ ਰਹੀ ਵਿਦਿਆਰਥਣ ਦੀ ਹੋਈ ਮੌਤ
ਫਰੀਦਕੋਟ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਚੱਲਦੀ ਕਾਰ ਉਤੇ ਦਰੱਖਤ ਡਿੱਗ ਗਿਆ। ਜਿਸ ਵਿੱਚ 13 ਸਾਲਾ ਵਿਦਿਅਰਥਣ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥਣ 2000 ਰੁਪਏ ਮਹੀਨਾ ਮਿਲਣ ਵਾਲੇ ਵਜ਼ੀਫੇ ਲਈ ਟੈਸਟ ਦੇਣ ਲਈ ਫਰੀਦਕੋਟ ਜਾ ਰਹੀ ਸੀ।
ਕੋਟਕਪੁਰਾ ਰੋਡ ਉਤੇ ਵਾਪਰਿਆ ਹਾਦਸਾ
ਇਹ ਹਾਦਸਾ ਕੋਟਕਪੁਰਾ ਰੋਡ ਉਤੇ ਵਾਪਰਿਆ, ਜਿੱਥੇ ਜਿਲ੍ਹੇ ਦੇ ਪਿੰਡ ਸਿਵੀਆਂ ਤੋਂ ਇਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸਬੰਧੀ ਹੋਣ ਵਾਲਾ ਇਕ ਟੈਸਟ ਦਵਾਉਣ ਲਈ ਫਰੀਦਕੋਟ ਆ ਰਿਹਾ ਸੀ ਕਿ ਰਸਤੇ ਵਿੱਚ ਇਹ ਭਾਣਾ ਵਾਪਰ ਗਿਆ | ਜਿਸ ਵਿਚ 5 ਹੋਰ ਲੋਕ ਗੰਭੀਰ ਜਖਮੀ ਹੋ ਗਏ।
5 ਲੋਕ ਗੰਭੀਰ ਜਖਮੀ
ਪਿੰਡ ਦੇ ਬੱਸ ਅੱਡੇ ਉਤੇ ਉਨ੍ਹਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਜਿਸ ਨੇ ਵੀ ਫਰੀਦਕੋਟ ਹੀ ਇਹੀ ਟੈਸਟ ਦੇਣ ਆਉਣਾ ਸੀ। ਕਾਰ ਸਵਾਰ ਸਖਸ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇਕ ਦਰੱਖਤ ਉਨ੍ਹਾਂ ਦੀ ਚਲਦੀ ਕਾਰ ਉਤੇ ਡਿੱਗ ਗਿਆ ਜਿਸ ਕਾਰਨ ਕਾਰ ਵਿਚ ਸਵਾਰ 5 ਲੋਕ ਗੰਭੀਰ ਜਖਮੀ ਹੋ ਗਏ।
ਇਹ ਵੀ ਪੜ੍ਹੋ : Ice ਡਰੱਗ ਨਾਲ ਫੜ੍ਹੇ ਅੰਮ੍ਰਿਤਪਾਲ ਸਿੰਘ ਦੇ ਭਰਾ ਤੇ ਸਾਥੀ ਦਾ ਡੋਪ ਟੈਸਟ ਆਇਆ ਪਾਜ਼ੀਟਿਵ
ਜਿਸ ਤੋਂ ਬਾਅਦ ਇਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ 13 ਸਾਲਾ ਸਕੂਲੀ ਵਿਦਿਅਥਣ ਸਹਿਜਪ੍ਰੀਤ ਕੌਰ ਦਮ ਤੋੜ ਗਈ ਜਦੋਂਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ।