ਉੱਤਰ ਪ੍ਰਦੇਸ਼ ‘ਚ ਦੁਰਗਾ ਪੂਜਾ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਔਰਾਈ ਥਾਣਾ ਖੇਤਰ ’ਚ ਇੱਕ ਦੁਰਗਾ ਪੂਜਾ ਪੰਡਾਲ ’ਚ ਅੱਗ ਲੱਗਣ ਦੀ ਘਟਨਾ ’ਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਹਾਦਸੇ ’ਚ 64 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਇਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ। ਜ਼ਿਲ੍ਹਾ ਅਧਿਕਾਰੀ ਗੌਰਾਂਗ ਰਾਠੀ ਨੇ ਦੱਸਿਆ ਕਿ ਔਰਾਈ ਥਾਣੇ ਤੋਂ 100 ਮੀਟਰ ਦੂਰ ਨਰਥੁਆ ਪਿੰਡ ’ਚ ਇਕ ਪੂਜਾ ਕਮੇਟੀ ਦੇ ਪੰਡਾਲ ’ਚ ਐਤਵਾਰ ਰਾਤ ਕਰੀਬ ਸਾਢੇ 9 ਵਜੇ ਭਿਆਨਕ ਅੱਗ ਲੱਗ ਗਈ ਸੀ।
ਇਹ ਵੀ ਪੜ੍ਹੋ- ਵਿਧਾਨ ਸਭਾ ਸੈਸ਼ਨ ‘ਚ ਅੱਜ ਭਰੋਸਗੀ ਮਤੇ ’ਤੇ ਭਖਵੀਂ ਬਹਿਸ ਦੇ ਆਸਾਰ
ਇਸ ਹਾਦਸੇ ’ਚ ਇਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ 64 ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਭਦੋਹੀ ਦੀ ਜਯਾ ਦੇਵੀ (45), ਅੰਕੁਸ਼ ਸੋਨੀ (12) ਅਤੇ ਨਵੀਨ (10) ਦੀ ਵਾਰਾਣਸੀ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਔਰਾਈ ਥਾਣੇ ’ਚ ਇਕ ਵਿਅਕਤੀ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕਿਸਾਨਾਂ ਵਲੋਂ ਅੱਜ ਰੇਲ ਰੋਕੋ ਅੰਦੋਲਨ, 3 ਘੰਟੇ ਲਈ ਰੇਲਵੇ ਟਰੈਕ ਜਾਮ
ਜ਼ਿਲ੍ਹਾ ਅਧਿਕਾਰੀ ਰਾਠੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਰਾਮ ਕੁਮਾਰ ਨੇ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਮਗਰੋਂ ਉੱਥੇ ਭਾਜੜ ਮਚ ਗਈ ਸੀ। ਪੰਡਾਲ ਅੰਦਰ ਹਾਦਸੇ ਦੇ ਸਮੇਂ 300-400 ਲੋਕ ਮੌਜੂਦ ਸਨ। ਓਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ’ਤੇ ਦੁੱਖ ਜਤਾਇਆ ਹੈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਇਲਾਜ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤਾ ਹੈ।