ਆਸਟ੍ਰੇਲੀਆ ਦੇ ਸਿਡਨੀ ‘ਚ ਹਾ.ਦ/ਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌ/ਤ
ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ ਵਿੱਚ ਜਾ ਕੇ ਵੱਸ ਰਹੀ ਹੈ ਤਾਂ ਜੋ ਉੱਥੇ ਸੈਟਲ ਹੋ ਕੇ ਉਹ ਆਪਣੀ ਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਠੀਕ ਕਰ ਸਕਣ ਅਤੇ ਆਪਣਾ ਵੀ ਇੱਕ ਬਿਹਤਰ ਭਵਿੱਖ ਸਿਰਜ ਸਕਣ | ਪਰ ਆਏ ਦਿਨ ਉਥੋ ਦੁਖਦਾਈ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਜਿਹੀ ਹੀ ਇੱਕ ਮੰਦਭਾਗੀ ਖ਼ਬਰ ਆਸਟ੍ਰੇਲੀਆ ਦੇ ਸਿਡਨੀ ਤੋਂ ਆਈ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਨਾਲ ਹਾਦਸਾ ਵਾਪਰਿਆ ਹੈ |
ਅਵਿੰਦਰ ਦਾ 2015 ਵਿੱਚ ਹੋਇਆ ਸੀ ਵਿਆਹ
ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਅਵਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾਈ ਹੋਈ ਹੈ | ਇਸ ਸਬੰਧੀ ਮ੍ਰਿਤਕ ਅਵਿੰਦਰ ਸਿੰਘ (31) ਦੇ ਪਿਤਾ ਨਿਰਮਲ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਵਿੰਦਰ ਦਾ 2015 ਵਿੱਚ ਵਿਆਹ ਹੋਇਆ ਸੀ ਅਤੇ 2016 ਵਿੱਚ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ ਸੀ। ਇਸ ਤੋਂ ਬਾਅਦ 7 ਸਾਲ ਬਾਅਦ ਉਹ 20 ਫਰਵਰੀ 2024 ਨੂੰ ਆਪਣੇ ਘਰ ਪਰਤਿਆ ਅਤੇ 28 ਅਪ੍ਰੈਲ 2024 ਨੂੰ ਪਰਿਵਾਰ ਸਮੇਤ ਮੈਲਬੌਰਨ ਵਾਪਸ ਚਲਾ ਗਿਆ।
ਟਰੱਕ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਵਿੰਦਰ ਸਿੰਘ ਟਰੱਕ ਲੈ ਕੇ ਸਿਡਨੀ ਗਿਆ ਸੀ, ਜਿੱਥੇ ਟਰੱਕ ਦੀ ਤਰਪਾਲ ਦੀ ਮੁਰੰਮਤ ਕਰਦੇ ਸਮੇਂ ਉਹ ਟਰੱਕ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦਾ ਸਿਰ ਜ਼ਮੀਨ ‘ਤੇ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਉਨ੍ਹਾਂ ਨੇ ਦੱਸਿਆ ਕਿ ਅਵਿੰਦਰ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪਣੇ ਪਿੱਛੇ 6 ਸਾਲ 6 ਮਹੀਨੇ ਦੀਆਂ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ। ਅਵਿੰਦਰ ਦੀ ਮਾਂ ਅਮਰਜੀਤ ਕੌਰ ਦਾ ਬੁਰਾ ਹਾਲ ਹੈ । ਅਮਰਜੀਤ ਕੌਰ ਨੇ ਦੱਸਿਆ ਕਿ 7 ਸਾਲ ਬਾਅਦ ਉਸ ਦਾ ਲੜਕਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਉਸ ਦੇ ਘਰ ਉਸ ਨੂੰ ਮਿਲਣ ਆਇਆ ਸੀ, ਜਿੱਥੇ ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ ਅਤੇ ਉਨ੍ਹਾਂ ਲਈ ਨਵਾਂ ਟਰੈਕਟਰ ਵੀ ਲੈ ਕੇ ਆਇਆ ਸੀ ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਨੂੰ ਮਿਲੀ ਵੱਡੀ ਸਫ਼ਲਤਾ , ਮਹਿਲਾ ASI ਨੂੰ 5000 ਰੁ: ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਪੁੱਤਰ ਦੀ ਦੇਹ ਭਾਰਤ ਲਿਆਉਣ ਲਈ ਕੀਤੀ ਜਾਵੇ ਮਦਦ
ਉਨ੍ਹਾਂ ਦੱਸਿਆ ਕਿ ਅਵਿੰਦਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੀ ਪੀ.ਆਰ ਹਾਸਿਲ ਕਰ ਕੇ ਫਿਰ ਦਸੰਬਰ ਤੱਕ ਮੁੜ ਆਪਣੇ ਘਰ ਪਰਤੇਗਾ। ਜਿਸ ਤੋਂ ਬਾਅਦ ਉਹ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਨਗੇ। ਅਵਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਇਕਲੌਤੇ ਪੁੱਤਰ ਨੂੰ ਆਖਰੀ ਵਾਰ ਆਪਣੀਆਂ ਅੱਖਾਂ ਨਾਲ ਦੇਖ ਸਕਣ ।