ਪਾਕਿਸਤਾਨ ‘ਚ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਹੋਈ ਮੌਤ
ਪਾਕਿਸਤਾਨ ਦੇ ਲਾਹੌਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਗਏ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕਿ ਇੱਕ ਭਾਰਤੀ ਸਿੱਖ ਸ਼ਰਧਾਲੂ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਦਰਸ਼ਨ ਕਰਨ ਗਿਆ ਸੀ ਜਿਸ ਦੌਰਾਨ ਸ਼ਰਧਾਲੂ ਨੂੰ ਸੁੱਤੇ ਪਏ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ |
ਮ੍ਰਿਤਕ ਦੀ ਪਛਾਣ ਜੰਗੀਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜੰਗੀਰ ਸਿੰਘ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣ ਲਈ 10 ਦਿਨ ਪਹਿਲਾਂ ਹੀ ਭਾਰਤ ਤੋਂ ਪਾਕਿਸਤਾਨ ਗਏ ਸੀ।
ਮ੍ਰਿਤਕ ਦੇਹ ਵਿਸ਼ੇਸ਼ ਐਂਬੂਲੈਂਸ ਵਿਚ ਰੱਖੀ ਗਈ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਉਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇਹ ਉਸ ਦੇ ਵਤਨ ਭੇਜਣ ਲਈ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਵਿਸ਼ੇਸ਼ ਐਂਬੂਲੈਂਸ ਵਿਚ ਰੱਖੀ ਗਈ ਹੈ।