ਹੁਸ਼ਿਆਰਪੁਰ ‘ਚ ਵਾਪਰਿਆ ਵੱਡਾ ਸੜਕ ਹਾਦਸਾ, ਟਰੱਕ ਤੇ ਕਾਰ ਦੀ ਹੋਈ ਜ਼ਬਰਦਸਤ ਟੱ/ਕਰ
ਦੇਸ਼ ਭਰ ਵਿੱਚ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਨਾਲ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ | ਅਜਿਹਾ ਹੀ ਇੱਕ ਹੋਰ ਹਾਦਸਾ ਹੁਸ਼ਿਆਰਪੁਰ ਟਾਂਡਾ ਰੋਡ ਸਰਾਏ ‘ਤੇ ਪੈਟਰੋਲ ਪੰਪ ਕੋਲ ਵਾਪਰਿਆ ਹੈ ਜਿੱਥੇ ਕਿ ਟਰੱਕ ਤੇ ਇਨੋਵਾ ਗੱਡੀ ਦੀ ਟੱਕਰ ਹੋ ਗਈ ਹੈ । ਜਿਸ ਕਾਰਨ ਇਸ ਹਾਦਸੇ ਵਿਚ ਬੱਚੇ ਸਣੇ 4 ਜਣਿਆਂ ਦੀ ਮੌਤ ਹੋ ਗਈ | ਜਦਕਿ ਇਕ ਮਹਿਲਾ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਮ੍ਰਿਤਕਾਂ ਦੀ ਨਹੀਂ ਹੋ ਪਾਈ ਪਛਾਣ
ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਪਾਈ ਹੈ ਅਤੇ ਨਾ ਹੀ ਹਾਦਸੇ ਦੇ ਕਾਰਨਾਂ ਦਾ ਕੁਝ ਪਤਾ ਲੱਗ ਪਾਇਆ ਹੈ | ਕਾਰ ਜੰਮੂ-ਕਸ਼ਮੀਰ ਨੰਬਰ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਤੇ ਟਰੱਕ ਹਰਿਆਣੇ ਦਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਟਾਂਡਾ ਸਿਵਲ ਹਸਪਤਾਲ ਭੇਜ ਦਿੱਤਾ ਹੈ ।
ਗੱਡੀ ਪੂਰੀ ਤਰ੍ਹਾਂ ਨਾਲ ਹੋਈ ਚਕਨਾਚੂਰ
ਉੱਥੇ ਹੀ ਦੂਜੇ ਪਾਸੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਕਾਰ ਵਿਚ ਕੌਣ-ਕੌਣ ਲੋਕ ਬੈਠੇ ਸਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਗੱਡੀ ਦੀ ਪਛਾਣ ਕਰਨੀ ਵੀ ਮੁਸ਼ਕਲ ਹੋਈ ਪਈ ਹੈ ਅਤੇ ਗੱਡੀ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਚੁੱਕੀ ਹੈ। ਟੱਕਰ ਦੇ ਬਾਅਦ ਕਾਰ ਦੂਜੇ ਪਾਸੇ ਜਾ ਡਿੱਗੀ ਜਿਸ ਕਾਰਨ ਕਾਰ ਦੇ ਏਅਰਬੈਗ ਤੱਕ ਖੁੱਲ੍ਹ ਗਏ ਤੇ ਇਥੋਂ ਤੱਕ ਕਿ ਉਹ ਫਟ ਵੀ ਚੁੱਕੇ ਹਨ। ਉੱਥੇ ਹੀ ਟਰੱਕ ਦਰੱਖਤ ਨਾਲ ਟਕਰਾ ਗਿਆ |