ਹਰਿਆਣਾ ‘ਚ ਵੱਡੀ ਵਾਰਦਾਤ , ਸੈਰ ਕਰ ਰਹੇ ASI ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਹਰਿਆਣਾ ਦੇ ਕਰਨਾਲ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਦਿਨ -ਦਿਹਾੜੇ ਕਰਨਾਲ ਦੇ ਕੁਟੇਲ ਪਿੰਡ ਦੇ ਨੇੜੇ ਹਰਿਆਣਾ ਪੁਲਿਸ ਦੇ ASI ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੰਜੀਵ ਕੁਮਾਰ ਯਮੁਨਾਨਗਰ ਵਿੱਚ ਸਟੇਟ ਕ੍ਰਾਈਮ ਬ੍ਰਾਂਚ ਵਿੱਚ ASI ਦੇ ਅਹੁਦੇ ‘ਤੇ ਤਾਇਨਾਤ ਸਨ।
ਇਲਾਜ ਦੌਰਾਨ ਹੋਈ ਮੌਤ
ਮਿਲੀ ਜਾਣਕਾਰੀ ਮੁਤਾਬਕ ਸੰਜੀਵ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਆਪ੍ਰੇਸ਼ਨ ਕਰਵਾਇਆ ਸੀ ਤੇ ਉਹ ਰੋਜ਼ਾਨਾ ਡਿਊਟੀ ਦੇ ਬਾਅਦ ਘਰ ਆ ਜਾਂਦੇ ਸਨ। ਜਿਸਦੇ ਚੱਲਦਿਆਂ ਮੰਗਲਵਾਰ ਸ਼ਾਮ ਦੇ ਸਮੇਂ ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਸੰਜੀਵ ਦੇ ਮੱਥੇ ਤੇ ਦੂਜੀ ਕਮਰ ‘ਤੇ ਲੱਗੀ। ਜਿਸ ਤੋਂ ਬਾਅਦ ਸੰਜੀਵ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਇਲਾਜ ਦੌਰਾਨ ਸੰਜੀਵ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਪੁਲਿਸ ਤੇ CIA, FSL ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਸਨ।
ਇਹ ਵੀ ਪੜ੍ਹੋ : ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ
CCTV ਕੈਮਰਿਆਂ ਦੀ ਕੀਤੀ ਜਾ ਰਹੀ ਜਾਂਚ
ਧਿਆਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੰਜੀਵ ਦੇ ਭਰਾ ਤੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸੰਜੀਵ ਦੇ ਮੋਢਿਆਂ ‘ਤੇ ਸੀ। ਇਸ ਖ਼ਬਰ ਨਾਲ ਪਰਿਵਾਰ ‘ਤੇ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਲੇ -ਦੁਆਲੇ ਦੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ | ASI ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੰਜੀਵ ਦਾ ਇੱਕ ਪੁੱਤ ਤੇ ਧੀ ਹੈ। ਉਹ ਰੋਜ਼ਾਨਾ ਘਰ ਆਉਂਦੇ ਸਨ। ਫਿਲਹਾਲ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਇਸ ਘਟਨਾ ਸਬੰਧੀ DSP ਘੰਰੌੜਾ ਨੇ ਦੱਸਿਆ ਕਿ ASI ਸੰਜੀਵ ਘੇ ਦੇ ਬਾਹਰ ਸੈਰ ਕਰ ਰਹੇ ਸਨ ਤੇ ਇਸ ਦੌਰਾਨ ਬਾਈਕ ਸ੍ਵਰਾਂ ਨੇ ਗੋਲੀਆਂ ਮਾਰੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਕਾਰਵਾਈ ਕਰ ਰਹੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।