ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਦੇ ਹਸਪਤਾਲ ਦੇ ਇੱਕ ਡਾਕਟਰ ਨੇ ਕੀਤੀ ਮਿਸਾਲ ਪੇਸ਼, ਪੂਰੇ ਵਿਸ਼ਵ ‘ਚ ਅਜੇ ਤਕ ਅਜਿਹੇ 100 ਤੋਂ ਵੀ ਘੱਟ ਕੇਸ || Health News

0
50

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਦੇ ਹਸਪਤਾਲ ਦੇ ਇੱਕ ਡਾਕਟਰ ਨੇ ਕੀਤੀ ਮਿਸਾਲ ਪੇਸ਼, ਪੂਰੇ ਵਿਸ਼ਵ ‘ਚ ਅਜੇ ਤਕ ਅਜਿਹੇ 100 ਤੋਂ ਵੀ ਘੱਟ ਕੇਸ

ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇਕ 13 ਸਾਲਾਂ ਬੱਚੀ ਦੇ ਦਿਲ ਦੀ ਅਤਿ ਦੁਰਲਭ ਮੰਨੀ ਜਾਂਦੀ ਘਾਤਕ ਬਿਮਾਰੀ ਦੀ ਸਫਲ ਸਰਜਰੀ ਕਰਕੇ ਨਾ ਸਿਰਫ਼ ਪੰਜਾਬ ਜਾਂ ਭਾਰਤ ਬਲਕਿ ਪੂਰੇ ਵਿਸ਼ਵ ‘ਚ ਅੰਮ੍ਰਿਤਸਰ ਦਾ ਨਾਂ ਉਚਾ ਕੀਤਾ ਹੈ। ਇਹ ਇਤਿਹਾਸ ਰਚਣ ਵਾਲੇ ਕਾਰਡੀਓਲੋਜਿਸਟ ਡਾ: ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਮਰਜੀਤ ਕੌਰ (13 ਸਾਲ) ਪੁੱਤਰੀ ਹਰਪਿੰਦਰ ਸਿੰਘ ਵਾਸੀ ਪਿੰਡ ਬੁੱਢਾ ਥੇਹ (ਅੰਮ੍ਰਿਤਸਰ) ਨੂੰ ਜਦੋਂ ਉਸ ਦੇ ਮਾਪੇ ਇਲਾਜ ਲਈ ਹਸਪਤਾਲ ਲੈ ਕੇ ਆਏ ਤਾਂ ਇਕੋ-ਕਾਰਡੀਓਗ੍ਰਾਫ਼ੀ ਕਰਨ ‘ਤੇ ਪਤਾ ਲੱਗਾ ਕਿ ਉਸ ਦੇ ਦਿਲ ‘ਚ ਛੇਕ ਹੈ। ਕਾਰਡੀਅਕ ਸੀ. ਟੀ. ਸਕੈਨ ਕਰਨ ‘ਤੇ ਇਸ ਦੀ ਪੁਸ਼ਟੀ ਹੋ ਗਈ ਕਿ ਉਕਤ ਬੱਚੀ ਜਮਾਂਦਰੂ ਤੌਰ ‘ਤੇ ‘ਰਾਈਟ ਪਲਮਨਰੀ ਆਰਟਰੀ ਟੂ ਲੈਫ਼ਟ ਏਟਰੀਅਮ ਫ਼ਿਜ਼ੂਲਾ’ ਬਿਮਾਰੀ ਨਾਲ ਪੀੜਤ ਸੀ। ਜਿਸ ਦੇ ਚੱਲਦਿਆਂ ਉਸ ਦੀ ਪਲਮਨਰੀ ਆਰਟੀ ‘ਚੋਂ ਇਕ ਨਾੜੀ ਨਿਕਲ ਕੇ ਦਿਲ ਦੇ ਖੱਬੇ ਪਾਸੇ ਚਲੀ ਗਈ ਸੀ, ਜਿਸ ਨਾਲ ਉਸ ਦੇ ਦਿਲ ‘ਚ ਗੰਦਾ ਖੂਨ ਆਕਸੀਜਨ ਯੁਕਤ ਚੰਗੇ ਖੂਨ ‘ਚ ਮਿਕਸ ਹੋ ਰਿਹਾ ਸੀ। ਸਰੀਰ ਦੇ ਅੰਗਾਂ ‘ਚ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਜਿੱਥੇ ਸਰੀਰਕ ਪੱਖੋਂ ਉਸ ‘ਚ ਵਾਧਾ ਨਹੀਂ ਹੋ ਰਿਹਾ ਸੀ ਉੱਥੇ ਹੀ ਉਸ ਦੇ ਪੂਰੇ ਸਰੀਰ ਦਾ ਰੰਗ ਵੀ ਨੀਲਾ ਪੈ ਚੁੱਕਿਆ ਸੀ।

ਇਹ ਵੀ ਪੜ੍ਹੋ: ਭਾਰਤ ਨੇ ਜ਼ਿੰਬਾਬਵੇ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਜਿੱਤੀ, ਟੀਮ ਇੰਡੀਆ ਦੀ 3-1 ਨਾਲ ਬੜ੍ਹਤ

100 ਤੋਂ ਵੀ ਘੱਟ ਕੇਸ ਰਜਿਸਟਰਡ

ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਜ਼ਿੰਦਗੀ ਦੇ ਚੌਥੇ ਦਹਾਕੇ ਤਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਨ 1950 ‘ਚ ਐਲਐਨ ਫ਼ਰਿਡਰਿਚ ਨਾਂ ਦੇ ਅਮਰੀਕੀ ਵਿਗਿਆਨੀ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਜਨਤਕ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਤਕ ਇਸ ਘਾਤਕ ਬਿਮਾਰੀ ਦੇ ਪੂਰੇ ਵਿਸ਼ਵ ‘ਚ 100 ਤੋਂ ਵੀ ਘੱਟ ਕੇਸ ਰਜਿਸਟਰਡ ਹੋਏ ਹਨ।

ਹੋਇਆ ਸ਼ਫਲ ਇਲਾਜ

ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਮੇਜਰ ਬਾਈਪਾਸ ਸਰਜਰੀ ਦੀ ਜ਼ਰੂਰਤ ਹੁੰਦੀ ਹੈ, ਪਰ ਉਨ੍ਹਾਂ ਆਪਣੀ ਸਹਿਯੋਗੀ ਡਾਕਟਰਾਂ ਦੀ ਟੀਮ ਡਾ: ਪੰਕਜ ਸਾਰੰਗਲ, ਡਾ: ਨਿਸ਼ਾਨ ਸਿੰਘ, ਡਾ: ਸੋਮੀਆ, ਡਾ: ਤੇਜਬੀਰ ਸਿੰਘ, ਗੌਰਵ ਹੰਸ, ਗੁਰਦੀਪ ਸਿੰਘ, ਸੰਦੀਪ ਕੌਰ, ਵੀਨਾ ਦੇਵੀ, ਪਰਵੀਨ ਕੌਰ, ਹਰਦੀਪ ਕੌਰ ਅਤੇ ਨਵਨੀਤ ਕੌਰ ਦੇ ਸਹਿਯੋਗ ਨਾਲ ਨਵੀਂ ਤਕਨੀਕ ਦੇ ਚੱਲਦਿਆਂ ਬਿਨਾ ਚੀਰਫਾੜ ਕੀਤੇ ਜਾਂ ਕੋਈ ਟਾਂਕਾ ਲਗਾਏ ਕੈਥੇਟਰ ਰਾਹੀਂ ਐਨਜੀਓਗ੍ਰਾਫ਼ੀ ਕਰਕੇ ਪੀ. ਡੀ. ਏ. ਡਿਵਾਈਸ ਲਗਾ ਕੇ ਦਿਲ ਦਾ ਛੇਕ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਰਜਰੀ ਦੇ ਦੌਰਾਨ ਹੀ ਸਿਮਰਜੀਤ ਕੌਰ ਦਾ ਆਕਸੀਜਨ ਲੈਵਲ 70 ਫ਼ੀਸਦੀ ਤੋਂ ਵੱਧ ਕੇ 100 ਫ਼ੀਸਦੀ ਤਕ ਪਹੁੰਚ ਗਿਆ ਅਤੇ ਉਸ ਦਾ ਰੰਗ ਵੀ ਨੀਲੇ ਤੋਂ ਗੁਲਾਬੀ ਰੰਗ ‘ਚ ਤਬਦੀਲ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਆਯੂਸ਼ਮਾਨ ਕਾਰਡ ਦੀ ਬਦੌਲਤ ਉਕਤ ਬੱਚੀ ਦੇ ਵਾਰਸਾਂ ਦਾ ਇਲਾਜ ‘ਤੇ ਕੋਈ ਵੀ ਖ਼ਰਚ ਨਹੀਂ ਆਇਆ ਹੈ ਅਤੇ 14 ਜੁਲਾਈ ਨੂੰ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।

ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਉਥੇ ਹੀ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦੋਂ ਅਸੀਂ ਹਸਪਤਾਲ ਚ ਆਏ ਸੀ ਸਾਡੀ ਬੱਚੀ ਦਾ ਬਹੁਤ ਬੁਰਾ ਹਾਲ ਸੀ ਸਾਹ ਚੜਦਾ ਸੀ ਤੇ ਉਸਦੀਆਂ ਲੱਤਾਂ ਬਾਵਾਂ ਕਾਫੀ ਦਰਦ ਕਰਦੀਆਂ ਸਨ ਪਰ ਜਦੋਂ ਦਾ ਡਾਕਟਰ ਸਾਹਿਬ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਹੈ ਹੁਣ ਸਾਡੀ ਬੱਚੀ ਬਿਲਕੁਲ ਠੀਕ ਹੈ ਅਸੀਂ ਡਾਕਟਰ ਸਾਹਿਬ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਡੀ ਬੱਚੀ ਦੀ ਜਾਨ ਬਚਾਈ ਤੇ ਉਹਨਾਂ ਇਹ ਵੀ ਕਿਹਾ ਕਿ ਸਾਡਾ ਇਲਾਜ ਬਿਲਕੁਲ ਫਰੀ ਹੋਇਆ ਹੈ ਇੱਥੇ ਕੋਈ ਪੈਸਾ ਨਹੀਂ ਲੱਗਾ ਅਸੀਂ ਹਸਪਤਾਲ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ

 

LEAVE A REPLY

Please enter your comment!
Please enter your name here