ਇਟਲੀ ‘ਚ ਅੰਮ੍ਰਿਤਧਾਰੀ ਸਿੱਖ ਦੇ ਖ਼ਿਲਾਫ਼ ਹੋਇਆ ਮਾਮਲਾ ਦਰਜ, ਗਿਆਨੀ ਰਘਬੀਰ ਸਿੰਘ ਨੇ ਕਰੜੇ ਸ਼ਬਦਾਂ ‘ਚ ਕੀਤੀ ਨਿੰਦਾ
ਇਟਲੀ ਵਿੱਚ ਪੁਲਿਸ ਵਲੋਂ ਇੱਕ ਅੰਮ੍ਰਿਤਧਾਰੀ ਸਿੱਖ ਦੇ ਖ਼ਿਲਾਫ਼ ਸ੍ਰੀ ਸਾਹਿਬ ਪਾਈ ਹੋਣ ਕਾਰਨ ‘ਤੇਜ਼ਧਾਰ ਹਥਿਆਰ’ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ ,ਜਿਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਸਾਹਿਬ ਅੰਮ੍ਰਿਤਧਾਰੀ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਟਲੀ ਵਿਚ ਤਿੰਨ ਮਹੀਨੇ ਪਹਿਲਾਂ ਹੀ ਗਏ ਇਕ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਦੇ ਖ਼ਿਲਾਫ਼ ਸ੍ਰੀ ਸਾਹਿਬ ਪਹਿਨੀ ਹੋਣ ਕਾਰਨ ਪੁਲਿਸ ਮਾਮਲਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।
ਸਿੱਖ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸੇ ਹੋਏ
ਉਨ੍ਹਾਂ ਆਖਿਆ ਕਿ ਅੱਜ ਸਿੱਖ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਹਨ ਅਤੇ ਗੁਰੂ ਸਾਹਿਬ ਦੇ ਦਿੱਤੇ ਸਰਬ-ਸਾਂਝੀਵਾਲਤਾ ਦੇ ਫਲਸਫੇ ਅਨੁਸਾਰ ਆਪਣੀ ਮਿਹਨਤ, ਇਮਾਨਦਾਰੀ ਅਤੇ ਲਿਆਕਤ ਦੇ ਸਦਕਾ ਹਰ ਖੇਤਰ ਵਿਚ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਹਨ। ਇਟਲੀ ਸਰਕਾਰ ਨੂੰ ਸਿੱਖ ਧਰਮ ਦੀ ਵਿਸ਼ਵ ਪ੍ਰਸੰਗਿਕਤਾ ਨੂੰ ਸਮਝਦਿਆਂ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਦੇਣਾ ਚਾਹੀਦਾ ਹੈ।
ਮਾਮਲਾ ਕਰਵਾਇਆ ਜਾਵੇ ਰੱਦ
ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਉਹ ਭਾਰਤ ਸਥਿਤ ਇਟਲੀ ਦੇ ਦੂਤਾਵਾਸ ਨਾਲ ਸੰਪਰਕ ਕਰਕੇ ਅੰਮ੍ਰਿਤਧਾਰੀ ਸਿੱਖਾਂ ਲਈ ਸ੍ਰੀ ਸਾਹਿਬ ਦੀ ਮਹੱਤਤਾ ਤੋਂ ਜਾਣੂ ਕਰਵਾਏ ਤਾਂ ਜੋ ਇਟਲੀ ਸਰਕਾਰ ਵਲੋਂ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਖ਼ਿਲਾਫ਼ ਸ੍ਰੀ ਸਾਹਿਬ ਨੂੰ ‘ਤੇਜ਼ਧਾਰ ਹਥਿਆਰ’ ਸਮਝ ਕੇ ਦਰਜ ਕੀਤੇ ਮਾਮਲੇ ਨੂੰ ਰੱਦ ਕਰਵਾਇਆ ਜਾ ਸਕੇ।