ਥਾਈਲੈਂਡ ਤੋਂ ਭਾਰਤ ਆ ਰਹੀ ਥਾਈ ਏਅਰਵੇਜ਼ ਦੀ ਫਲਾਈਟ ਵਿੱਚ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਅਜਿਹੇ ਵਿਵਹਾਰ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਦੇ ਸਬੰਧ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਹੁਣ ਪੁਲਿਸ ਨੇ ਸ਼ਿਕਾਇਤ ਵੀ ਦਰਜ ਕਰ ਲਈ ਹੈ।
ਇਸ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਕਰਕੇ ਇਹ ਬਿਆਨ ਦਿੱਤਾ ਹੈ।
ਕੇਂਦਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਈ ਸਮਾਈਲ ਏਅਰਵੇਜ਼ ਦੇ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ।
ਜ਼ਿਕਰਯੋਗ ਹੈ ਕਿ 26 ਦਸੰਬਰ ਨੂੰ ਭਾਰਤ ਆ ਰਹੀ ਥਾਈ ਸਮਾਈਲ ਏਅਰਵੇਜ਼ ਦੀ ਫਲਾਈਟ ‘ਚ ਲੜਾਈ ਦੀ ਘਟਨਾ ਵਾਪਰੀ ਸੀ। ਇਸ ਸਬੰਧ ਵਿਚ ਏਅਰਵੇਜ਼ ਨੇ ਭਾਰਤੀ ਹਵਾਬਾਜ਼ੀ ਅਥਾਰਟੀ ਨੂੰ ਉਡਾਣ ਵਿਚ ਗੜਬੜੀ ਦੀ ਘਟਨਾ ਦੀ ਰਿਪੋਰਟ ਸੌਂਪੀ ਸੀ ਅਤੇ ਕਿਹਾ ਸੀ ਕਿ ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਵਾਇਰਲ ਵੀਡੀਓ ‘ਚ ਦੋ ਯਾਤਰੀ ਬਹਿਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ, ਆਪਣੇ ਹੱਥ ਹੇਠਾਂ ਰੱਖੋ ਅਤੇ ਇਸ ਤੋਂ ਬਾਅਦ ਦੋਵਾਂ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ। ਉਦੋਂ ਹੀ ਕੁਝ ਹੋਰ ਯਾਤਰੀ ਵੀ ਇਸ ਲੜਾਈ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਫਲਾਈਟ ਵਿੱਚ ਹੰਗਾਮਾ ਹੋ ਜਾਂਦਾ ਹੈ।
ਏਅਰ ਹੋਸਟੇਸ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੀ ਹੈ। ਬੜੀ ਮੁਸ਼ਕਲ ਨਾਲ ਮਾਮਲਾ ਸੁਲਝਿਆ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵਾਂ ਯਾਤਰੀਆਂ ਵਿਚਾਲੇ ਝਗੜੇ ਦਾ ਕਾਰਨ ਕੀ ਸੀ?