ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫ਼ਰ ਸਮੇਤ ਹੋਰਨਾਂ ਖ਼ਿਲਾਫ਼ ਬੋਹਾ ਥਾਣਾ ’ਚ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਵਿਚ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਵਿਕਰਮ ਸਿੰਘ ਮੋਫ਼ਰ ਸਮੇਤ ਗੁਰਕੀਰਤ ਸਿੰਘ, ਗੋਬਿੰਦਰ ਸਿੰਘ, ਜਗਸੀਰ ਸਿੰਘ, ਗੁਰਪਿਆਰ ਸਿੰਘ ਅਤੇ ਪੰਜ -ਛੇ ਜਣਿਆਂ ‘ਤੇ ਧਾਰਾ 307 ਸਮੇਤ 353, 332,186, 186, 506, 25, 27 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਬੋਹਾ ਦੇ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਪਿੰਡ ਅੱਕਾਂਵਾਲੀ ਦੇ ਵਸਨੀਕ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਬੋਹਾ ਪੁਲਿਸ ਨੂੰ ਹੈਲਪਲਾਈਨ ਨੰਬਰ 112 ‘ਤੇ ਫ਼ੋਨ ਕਰਕੇ ਇਤਲਾਹ ਦਿੱਤੀ ਕਿ ਕੁੱਝ ਵਿਅਕਤੀ ਉਸ ‘ਤੇ ਜਾਨਲੇਵਾ ਹਮਲਾ ਕਰਨ ਦੇ ਇਰਾਦੇ ਨਾਲ ਉਸਦੇ ਘਰ ਨੇੜਲੇ ਝੀਂਗਾ ਫਾਰਮ ‘ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਸਮੇਤ ਬੈਠੇ ਹਨ। ਪੁਲਿਸ ਜਦ ਉਕਤ ਜਗ੍ਹਾ ’ਤੇ ਪੁੱਜੀ ਤਾਂ ਉਥੇ ਮੌਜੂਦ ਵਿਅਕਤੀਆਂ ਨੇ ਪੁਲਿਸ ਨਾਲ ਮਾੜਾ ਵਿਹਾਰ ਕੀਤਾ ਅਤੇ ਬਹਿਸ ਕਰਦਿਆਂ ਵਰਦੀ ਵੀ ਪਾੜ ਦਿੱਤੀ। ਧੱਕਾਮੁੱਕੀ ਵੀ ਕੀਤੀ ਗਈ।
ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਚਓ ਨੇ ਦੱਸਿਆ ਕਿ ਘਟਨਾ ਰਾਤ ਦੀ ਹੈ ਅਤੇ ਇਸ ਮਾਮਲੇ ’ਚ ਪੁਲਿਸ ਵਲੋਂ ਤਿੰਨ ਜਣਿਆਂ ਰਾਜੂ ਸਰਪੰਚ , ਜਗਸੀਰ ਸਿੰਘ ਤੇ ਗੁਰਪਿਆਰ ਸਿੰਘ ਨੂੰ ਹਿਰਾਸਤ ’ਚ ਲਿਆ ਹੈ, ਜਦੋਂਕਿ ਬਿਕਰਮ ਸਿੰਘ ਮੋਫ਼ਰ ਤੇ ਗੁਰਕੀਰਤ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਜ਼ਿਕਰਯੋਗ ਹੈ ਕਿ ਵਿਕਰਮ ਸਿੰਘ ਮੋਫ਼ਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹਨ ਅਤੇ ਅਜੀਤਇੰਦਰ ਸਿੰਘ ਮੋਫ਼ਰ ਸਾਬਕਾ ਵਿਧਾਇਕ ਦੇ ਪੁੱਤਰ ਹਨ। ਵਿਧਾਨਸਭਾ ਚੋਣ ਇਸ ਵਾਰ ਵਿਕਰਮ ਸਿੰਘ ਮੋਫ਼ਰ ਦੁਆਰਾ ਲੜੀ ਗਈ ਸੀ ਪਰ ਹਾਰ ਗਏ ਸਨ।
ਸੀਨੀਅਰ ਕਾਂਗਰਸੀ ਆਗੂ ਵਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਮਾੜੇ ਅਨਸਰ ਤੇ ਗੈਂਗਸਟਰਾਂ ਨੂੰ ਫੜਨਾ ਚਾਹੀਦਾ ਹੈ ਪਰ ਇਹ ਸਿਆਸਤ ਤੋਂ ਪੇ੍ਰਿਤ ਹੋ ਕੇ ਕੀਤਾ ਜਾ ਰਿਹਾ ਹੈ। ਇਹ ਸਿਆਸੀ ਕਿੜ੍ਹ ਕੱਢੀ ਜਾ ਰਹੀ ਹੈ। ਅਫ਼ਸਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਬਦਲਾਅ ਲਈ ਲੋਕਾਂ ਨੇ ਸਰਕਾਰ ਲਿਆਂਦੀ ਸੀ। ਉਹ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ ਅਤੇ ਇਹ ਝੂਠਾ ਪਰਚਾ ਕੀਤਾ ਗਿਆ ਹੈ। ਜੇਕਰ ਅਜਿਹਾ ਸਾਬਤ ਹੁੰਦਾ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।