ਜਲੰਧਰ ‘ਚ ਇੱਕ ਬਾਊਂਸਰ ਦਾ ਕਤਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਾਮੰਡੀ ਦੀ ਹੱਦ ਵਿਚ ਪੈਂਦੇ ਸਤਨਾਮ ਨਗਰ ਵਿਚ ਸੋਮਵਾਰ ਰਾਤ ਗੁਆਂਢੀਆਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ ’ਚ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਆਪਣੇ ਦੋਸਤ ਨੂੰ ਮਿਲਣ ਆਏ ਬਾਊਂਸਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸਦੇ ਨਾਲ ਹੀ ਮਾਰੇ ਗਏ ਬਾਊਂਸਰ ਦਾ ਨਾਂ ਸੋਨੂੰ ਦੱਸਿਆ ਜਾ ਰਿਹਾ ਹੈ। ਇਸਦੇ ਨਾਲ ਹੀ ਉਸਨੂੰ ਲਾਰੈਸ਼ ਬਿਸ਼ਨੋਈ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਹੈ। ਜਦਕਿ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਸਤਨਾਮ ਨਗਰ ’ਚ ਰਹਿਣ ਵਾਲੇ ਬਲਜਿੰਦਰ ਤੇ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ, ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਬਲਜਿੰਦਰ ਨੂੰ ਮਿਲਣ ਲਈ ਉਸ ਦਾ ਦੋਸਤ ਸੋਨੂੰ ਉਰਫ ਰਵਿੰਦਰ ਜੋ ਕਿ ਬਾਊਂਸਰ ਹੈ, ਗੁਰਾਇਆ ਤੋਂ ਆਇਆ ਸੀ ਤੇ ਇਨ੍ਹਾਂ ਦਾ ਵਿਵਾਦ ਸ਼ਾਂਤ ਕਰਵਾਉਣ ਲੱਗਾ। ਵਿਵਾਦ ਘੱਟਣ ਦੀ ਬਜਾਏ ਵੱਧ ਗਿਆ ਤਾਂ ਸ਼ਰਾਬ ਦੇ ਨਸ਼ੇ ‘ਚ ਗੁਰਮੀਤ ਸਿੰਘ ਔਲਖ ਆਪਣੇ ਘਰ ਵਿੱਚੋਂ ਆਪਣੀ ਰਿਵਾਲਵਰ ਲੈ ਆਇਆ ਅਤੇ ਗੋਲੀਆਂ ਚਲਾ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਰਵਿੰਦਰ ਦੀ ਛਾਤੀ ਵਿਚ ਲੱਗੀ ਅਤੇ ਦੂਜੀ ਗੋਲੀ ਬਲਜਿੰਦਰ ਦੀ ਮਾਤਾ ਕੁਲਜੀਤ ਕੌਰ ਦੇ ਗਿੱਟੇ ਵਿਚ ਲੱਗੀ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਰਾਮਾਮੰਡੀ ਦੇ ਜੌਹਲ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਰਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਥਾਣਾ ਰਾਮਾਮੰਡੀ ਦੇ ਮੁੱਖੀ ਇੰਸਪੈਕਟਰ ਅਜੈਬ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ।