ਜਥੇਦਾਰ ਦੀ ਅਹਿਮ ਇਕੱਤਰਤਾ ‘ਚ ਸੁਖਬੀਰ ਬਾਦਲ ਬਾਰੇ ਲਿਆ ਜਾ ਸਕਦੈ ਵੱਡਾ ਫੈਸਲਾ…
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਅਹਿਮ ਇਕੱਤਰਤਾ ਸੱਦ ਲਈ ਹੈ। ਧਿਆਨਯੋਗ ਹੈ ਕਿ ਛੇ ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਇਸ ਇਕੱਤਰਤਾ ਵਿੱਚ ਸਿੱਖ ਵਿਦਵਾਨ, ਬੁੱਧੀਜੀਵੀ ਅਤੇ ਕੁਝ ਚੋਣਵੇਂ ਸੀਨੀਅਰ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਦੇ ਮੁੱਦੇ ਉਤੇ ਹੋ ਸਕਦਾ ਵਿਚਾਰ
ਇਸ ਇਕੱਤਰਤਾ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁੱਦੇ ਉਤੇ ਵਿਚਾਰ ਹੋ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਅਤੇ ਹੋਰ ਸਾਬਕਾ ਕੈਬਨਿਟ ਮੰਤਰੀਆਂ ਸਬੰਧੀ ਫੈਸਲਾ ਲਏ ਜਾਣ ਤੋਂ ਪਹਿਲਾਂ ਸੱਦੀ ਗਈ ਇਸ ਮੀਟਿੰਗ ਵਿੱਚ ਬੁੱਧੀਜੀਵੀਆਂ, ਸਿੱਖ ਵਿਦਵਾਨਾਂ ਅਤੇ ਪੱਤਰਕਾਰਾਂ ਦੀ ਰਾਏ ਲਈ ਜਾਏਗੀ।
ਸਿੰਘ ਸਾਹਿਬ ਵੱਲੋਂ ਬੰਦੀ ਛੋੜ ਦਿਵਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਾਬਕਾ ਕੈਬਨਟ ਮੰਤਰੀਆਂ ਸਬੰਧੀ ਫੈਸਲਾ ਲਏ ਜਾਣ ਦੀ ਗੱਲ ਆਖੀ ਗਈ ਸੀ। ਛੇ ਨਵੰਬਰ ਦੀ ਮੀਟਿੰਗ ਤੋਂ ਬਾਅਦ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਵੇਗੀ।