ਲੋਕ ਸਭਾ ’ਚ ਜੀਐਸਟੀ, ਮਹਿੰਗਾਈ ਸਮੇਤ ਹੋਰ ਵੱਖ-ਵੱਖ ਮੁੱਦਿਆਂ ’ਤੇ ਹੋਏ ਹੰਗਾਮੇ ਦੌਰਾਨ ਤਖ਼ਤੀਆਂ ਦਿਖਾ ਕੇ ਪ੍ਰਦਰਸ਼ਨ ਕਰਨ ਅਤੇ ਸਦਨ ਦੀ ਕਾਰਵਾਈ ’ਚ ਅੜਿੱਕਾ ਪਾਉਣ ਦੇ ਦੋਸ਼ ਵਿੱਚ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਨੂੰ ਮਾਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ 4 ਕਾਂਗਰਸੀ ਸਾਂਸਦਾਂ ਨੂੰ ਮੁਅੱਤਲ ਕਰਨ ਲਈ ਮਤਾ ਪੇਸ਼ ਕੀਤਾ ਜਿਸ ਨੂੰ ਸਦਨ ਨੇ ਧੁਨੀ ਵੋਟ ਨਾਲ ਪਾਸ ਕਰ ਦਿੱਤਾ।
ਪ੍ਰਧਾਨਗੀ ਸਪੀਕਰ ਰਾਜੇਂਦਰ ਅਗਰਵਾਲ ਨੇ ਸਦਨ ’ਚ ਆਸਨ ਦੇ ਅਧਿਕਾਰਾਂ ਦੀ ਅਣਦੇਖੀ ਕਰਨ ਦੇ ਮਾਮਲੇ ’ਚ ਕਾਂਗਰਸ ਮੈਂਬਰਾਂ ਮਣੀਕਮ ਟੈਗੋਰ, ਟੀ.ਐੱਨ. ਪ੍ਰਤਾਪਨ, ਜੋਤੀਮਣੀ ਅਤੇ ਰਾਮਿਆ ਹਰੀਦਾਸ ਨੂੰ ਸੰਸਦ ਦੇ ਮਾਨਸੂਨ ਇਜਲਾਸ ਦੀ ਬਾਕੀ ਮਿਆਦ ਲਈ ਸਭਾ ਦੀ ਸੇਵਾ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ।
ਉਧਰ ਕਾਂਗਰਸ ਨੇ ਕਿਹਾ ਕਿ ਸਾਡੇ ਸਾਂਸਦਾਂ ਨੂੰ ਮੁਅੱਤਲ ਕਰਕੇ ਕੇਂਦਰ ਸਰਕਾਰ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਉਨ੍ਹਾਂ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਲੋਕਾਂ ਲਈ ਮਾਇਨੇ ਰੱਖਦੇ ਹਨ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਸਤਾਵ ਰੱਖਿਆ ਕਿ ਇਨ੍ਹਾਂ 4 ਮੈਂਬਰਾਂ ਦੇ ਸਦਨ ਦਾ ਮਾਣ ਦੇ ਪ੍ਰਤੀਕੂਲ ਆਚਰਨ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਚਾਲੂ ਇਜਲਾਸ ਦੀ ਬਾਕੀ ਮਿਆਦ ਲਈ ਕਾਰਵਾਈ ਤੋਂ ਮੁਅੱਤਲ ਕੀਤਾ ਜਾਵੇ।
ਇਸ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਦੇ ਸਪੀਕਰ ਅਗਰਵਾਲ ਨੇ ਕਿਹਾ ਕਿ ਕੁਝ ਮੈਂਬਰ ਲਗਾਤਾਰ ਤਖ਼ਤੀਆਂ ਆਸਨ ਦੇ ਸਾਹਮਣੇ ਦਿਖਾ ਰਹੇ ਹਨ, ਜੋ ਸਦਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ ਨੇ ਵੀ ਇਸ ਸਬੰਧ ’ਚ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਸੀ। ਅਗਰਵਾਲ ਨੇ ਕਿਹਾ ਕਿ ਆਸਨ ਕੋਲ ਇਨ੍ਹਾਂ ਮੈਂਬਰਾਂ ਦੇ ਨਾਮ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂਬਰ ਕ੍ਰਿਪਾ ਇਸ ਚਿਤਾਵਨੀ ਦਾ ਧਿਆਨ ਰੱਖਣ ਅਤੇ ਕਿਸੇ ਤਰ੍ਹਾਂ ਦੀ ਤਖ਼ਤੀ ਨਾ ਦਿਖਾਉਣ। ਅਗਰਵਾਲ ਨੇ ਇਸ ਤੋਂ ਬਾਅਦ ਕਾਂਗਰਸ ਦੇ ਚਾਰ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕੀਤੇ ਜਾਣ ਦਾ ਐਲਾਨ ਕੀਤਾ।