ਟਰਬੁਲੈਂਸ ‘ਚ ਫਸਿਆ ਜਹਾਜ਼, 12 ਲੋਕ ਹੋਏ ਜ਼ਖਮੀ
ਸਫਰ ਦੌਰਾਨ ਇੱਕ ਜਹਾਜ਼ ‘ਚ 12 ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਦੋਹਾ ਤੋਂ ਡਬਲਿਨ ਜਾ ਰਹੀ ਕਤਰ ਏਅਰਵੇਜ਼ ਦੀ ਇੱਕ ਉਡਾਣ ਟਰਬੁਲੈਂਸ ਵਿਚ ਫਸ ਜਾਣ ਕਾਰਨ 12 ਲੋਕ ਜ਼ਖ਼ਮੀ ਹੋ ਗਏ।
ਜ਼ਖਮੀਆਂ ਵਿਚ ਚਾਲਕ ਦਲ ਦੇ ਛੇ ਮੈਂਬਰ ਵੀ ਸ਼ਾਮਲ ਹਨ। ਪੰਜ ਦਿਨ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ ਜਦੋਂ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਟਰਬੁਲੈਂਸ ਕਾਰਨ ਕੁਝ ਹੀ ਮਿੰਟਾਂ ਵਿੱਚ ਕਈ ਹਜ਼ਾਰ ਫੁੱਟ ਹੇਠਾਂ ਆ ਗਿਆ ਸੀ। ਇਸ ਹਾਦਸੇ ‘ਚ ਇਕ ਯਾਤਰੀ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ।
ਟਰਬੁਲੈਂਸ ਨੂੰ ਲੈ ਕੇ ਡਬਲਿਨ ਏਅਰਪੋਰਟ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਹਵਾਈ ਅੱਡੇ ਨੇ ਕਿਹਾ ਕਿ ਦੋਹਾ ਤੋਂ ਕਤਰ ਏਅਰਵੇਜ਼ ਦੀ ਉਡਾਣ QR017 ਐਤਵਾਰ ਨੂੰ 13.00 ਵਜੇ ਤੋਂ ਪਹਿਲਾਂ ਤੈਅ ਸਮੇਂ ਮੁਤਾਬਕ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਈ। ਹਵਾਈ ਅੱਡੇ ‘ਤੇ ਐਮਰਜੈਂਸੀ ਸੇਵਾਵਾਂ ਨੂੰ ਜਹਾਜ਼ ਦੇ ਉਤਰਨ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਸੀ।
ਹਵਾਈ ਅੱਡੇ ਨੇ ਕਿਹਾ ਕਿ ਦੋਹਾ ਤੋਂ ਉਡਾਣ ਭਰਨ ਤੋਂ ਬਾਅਦ ਜਦੋਂ ਜਹਾਜ਼ ਤੁਰਕੀ ਦੇ ਉਪਰੋਂ ਲੰਘ ਰਿਹਾ ਸੀ ਤਾਂ ਟਰਬੁਲੈਂਸ ਮਹਿਸੂਸ ਕੀਤਾ ਗਿਆ। ਇਸ ਘਟਨਾ ‘ਚ 6 ਯਾਤਰੀਆਂ ਅਤੇ 6 ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 12 ਲੋਕ ਜ਼ਖਮੀ ਹੋਏ ਹਨ।
ਪਿਛਲੇ ਇੱਕ ਹਫ਼ਤੇ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ਏਅਰਲਾਈਨਜ਼ ਦਾ ਇੱਕ ਜਹਾਜ਼ ਉਡਾਣ ਭਰਨ ਤੋਂ ਬਾਅਦ ਟਰਬੂਲੈਂਸ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ ਨੇ ਤੁਰੰਤ ਬੈਂਕਾਕ ‘ਚ ਐਮਰਜੈਂਸੀ ਲੈਂਡਿੰਗ ਕਰਵਾਈ। ਇਸ ਘਟਨਾ ‘ਚ ਜਹਾਜ਼ ‘ਚ ਸਵਾਰ 73 ਸਾਲਾ ਬ੍ਰਿਟਿਸ਼ ਯਾਤਰੀ ਦੀ ਮੌਤ ਹੋ ਗਈ, ਜਦਕਿ 20 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ :KKR ਨੇ ਤੀਜੀ ਵਾਰ ਜਿੱਤਿਆ IPL ਦਾ ਖਿਤਾਬ || Latest News
ਘਟਨਾ ਤੋਂ ਬਾਅਦ ਜਹਾਜ਼ ਦੇ ਅੰਦਰ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਤਸਵੀਰ ‘ਚ ਜਹਾਜ਼ ‘ਚ ਲੱਗੇ ਆਕਸੀਜਨ ਮਾਸਕ ਲਟਕ ਰਹੇ ਸਨ ਅਤੇ ਯਾਤਰੀਆਂ ਦਾ ਖਾਣਾ ਅਤੇ ਸਾਮਾਨ ਥਾਂ-ਥਾਂ ਖਿੱਲਰਿਆ ਹੋਇਆ ਸੀ। ਘਟਨਾ ਬਾਰੇ ਸਿੰਗਾਪੁਰ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਸੀ ਕਿ ਜਾਂਚ ਟੀਮ ਕਾਕਪਿਟ ਵਾਇਸ ਰਿਕਾਰਡਰ ਅਤੇ ਫਲਾਈਟ ਡਾਟਾ ਰਿਕਾਰਡਰ ਦੀ ਜਾਂਚ ਕਰ ਰਹੀ ਹੈ। ਫਲਾਈਟ ਟ੍ਰੈਕਿੰਗ ਡੇਟਾ ਨੇ ਦਿਖਾਇਆ ਕਿ ਬੋਇੰਗ 777-300ER ਜਹਾਜ਼ ਕੁਝ ਮਿੰਟਾਂ ਵਿੱਚ ਲਗਭਗ 6000 ਫੁੱਟ ਤੱਕ ਹੇਠਾਂ ਆ ਗਿਆ ਸੀ।