11 ਫਰਵਰੀ ਨੂੰ ਪੰਜਾਬ ਆਉਣਗੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ

0
29

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 11 ਫਰਵਰੀ ਨੂੰ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ (ਜੀਏਟੀਪੀਐਲ) ਗੋਇੰਦਵਾਲ ਨੂੰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ 12 ਜਨਵਰੀ ਨੂੰ ਜੀਏਟੀਪੀਐਲ ਨੂੰ ਸ਼ਾਮਲ ਕੀਤਾ ਸੀ ਅਤੇ 7 ਫਰਵਰੀ ਨੂੰ ਪ੍ਰਾਪਤੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ, ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਲਿਮਟਿਡ ਜੀਏਟੀਪੀਐਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਬਣ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਜੀ.ਵੀ.ਕੇ ਪਾਵਰ ਲਿਮਟਿਡ ਦਾ ਇਹ ਪਾਵਰ ਹਾਊਸ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਜਾਇਦਾਦ ਹੈ। ਤੀਸਰੇ ਗੁਰੂ ਸ਼੍ਰੀ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਗੋਇੰਦਵਾਲ ਸਾਹਿਬ ਵਿਖੇ ਸਥਾਪਿਤ ਇਸ ਥਰਮਲ ਪਲਾਂਟ ਦਾ ਨਾਂ ਵੀ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ ਹੈ।

ਇਸ ਪ੍ਰਾਪਤੀ ਨਾਲ ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਲਿਮਟਿਡ ਵੱਲੋਂ 3000 ਕਰੋੜ ਰੁਪਏ ਦੀ ਦੇਣਦਾਰੀ ਦੇ ਕੇਸ ਬੰਦ ਹੋ ਜਾਣਗੇ। ਇਸ ਤਰ੍ਹਾਂ ਸੂਬੇ ਦੇ ਲੋਕਾਂ ਨੂੰ ਬਿਜਲੀ ਦਰਾਂ ‘ਚ ਅਚਾਨਕ ਹੋਏ ਵਾਧੇ ਤੋਂ ਰਾਹਤ ਮਿਲੇਗੀ। ਇਸ ਨਾਲ ਜਿੱਥੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ, ਉੱਥੇ ਹੀ ਇਸ ਨਾਲ ਬਿਜਲੀ ਦੀ ਉਪਲਬਧਤਾ ਵਿੱਚ ਵੀ ਸੁਧਾਰ ਹੋਵੇਗਾ।

ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਸ ਪਲਾਂਟ ਨੂੰ ਕਿਫ਼ਾਇਤੀ ਢੰਗ ਨਾਲ ਚਲਾਉਣ ਲਈ ਪਛਵਾੜਾ ਖਾਣ ਵਿੱਚੋਂ ਕੋਲਾ ਮੁਹੱਈਆ ਕਰਵਾਉਣ ਲਈ ਕੇਂਦਰੀ ਬਿਜਲੀ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜ ਨੂੰ ਲਗਭਗ 300 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਤਾਪ ਬਿਜਲੀ ਘਰ ਕੋਲ ਕਰੀਬ 1100 ਏਕੜ ਜ਼ਮੀਨ ਹੈ, ਜਿਸ ਵਿੱਚੋਂ 700 ਏਕੜ ਜ਼ਮੀਨ ਪ੍ਰਾਜੈਕਟ ਦੀ ਉਸਾਰੀ ਲਈ ਵਰਤੀ ਜਾ ਚੁੱਕੀ ਹੈ ਅਤੇ 400 ਏਕੜ ਦੇ ਕਰੀਬ ਅਜੇ ਵੀ ਅਣਵਰਤੀ ਪਈ ਹੈ।

LEAVE A REPLY

Please enter your comment!
Please enter your name here