ਹੁਸ਼ਿਆਰਪੁਰ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਦਸੂਹਾ ਰੋਡ ਦੇ ਪੈਂਦੇ ਪਿੰਡ ਅਰਗੋਵਾਲ ਪੰਪ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਅਤੇ ਗੱਡੀ ਦੀ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੀ ਮੌਤ ਹੋ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਜਿੰਦਰ ਪ੍ਰਸ਼ਾਦ ਪੁੱਤਰ ਹੰਸਰਾਜ (66 ) ਵਾਸੀ ਅਰਗੋਵਾਲ ਆਪਣੇ ਪੋਤਰੇ ਲਕਸ ਪੁੱਤਰ ਸੰਦੀਪ ਕੁਮਾਰ (ਸਾਢੇ ਤਿੰਨ ਸਾਲ) ਨਾਲ ਆਪਣੇ ਮੋਟਰਸਾਈਕਲ ਸੀ.ਡੀ-100 ਬਜਾਜ ਪੀ.ਬੀ.07-ਬੀ.ਐਕਸ. 0491 ’ਤੇ ਸਵਾਰ ਹੋ ਕੇ ਆਪਣੇ ਪਿੰਡ ਅਰਗੋਵਾਲ ਤੋਂ ਪਿੰਡ ਮਾਨਗੜ੍ਹ ਨੂੰ ਜਾ ਰਹੇ ਸੀ।
ਜਦੋਂ ਉਹ ਅਰਗੋਵਾਲ ਪਟਰੋਲ ਪੰਪ ਨੇੜੇ ਪੁੱਜੇ ਤਾਂ ਸਾਹਮਣੇ ਦਸੂਹਾ ਸਾਈਡ ਆ ਰਹੀ ਤੇਜ਼ ਰਫ਼ਤਾਰ ਬਰੀਜਾਂ ਗੱਡੀ ਨੰਬਰ ਪੀ.ਬੀ-10.ਜੀ.ਐਸ 8988 ਵਲੋਂ ਸਿੱਧੀ ਟੱਕਰ ਮਾਰਨ ਕਰਕੇ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਗੜ੍ਹਦੀਵਾਲਾ ਪੁਲਸ ਉੱਕਤ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਐੱਸ. ਐੱਚ. ਓ. ਇੰਸਪੈਕਟਰ ਹਰਦੇਵਪ੍ਰੀਤ ਸਿੰਘ ਅਤੇ ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਮ੍ਰਿਤਕ ਰਾਜਿੰਦਰ ਪ੍ਰਸ਼ਾਦ ਅਤੇ ਉਸਦੇ ਪੋਤੇ ਦੀਆਂ ਲਾਸ਼ਾਂ ਤੇ ਵਾਹਨ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।