ਨੈਸ਼ਨਲ ਹਾਈਵੇ ’ਤੇ ਸ਼ਾਹੀ ਪੈਟਰੋਲ ਪੰਪ ਨੇੜੇ ਅੱਜ ਦੁਪਹਿਰ 12 ਵਜੇ ਤੇਜ਼ ਰਫ਼ਤਾਰ ਇਨੋਵਾ ਕਾਰ ਤੇ ਐਕਟਿਵਾ ਸਕੂਟਰੀ ’ਚ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਭੈਣੀ ਮੀਲਮਾ ਗੁਰਦਾਸਪੁਰ ਤੇ ਇਸ ਦੇ ਨਾਲ ਪ੍ਰੇਮ ਸਿੰਘ ਪੁੱਤਰ ਸਰਦਾਰ ਵਾਸੀ ਸੈਦੋਵਾਲ ਖੁਰਦ ਜ਼ਿਲ੍ਹਾ ਗੁਰਦਾਸਪੁਰ ਜੋ ਐਕਟਿਵਾ ਨੰਬਰ ਪੀਬੀ 06 ਬੀਈ 7054 ’ਤੇ ਸਵਾਰ ਸਨ।
ਸ਼ਾਹੀ ਪੈਟਰੋਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਜਦੋਂ ਨੈਸ਼ਨਲ ਹਾਈਵੇ ‘ਤੇ ਮੁਕੇਰੀਆਂ ਨੂੰ ਜਾਣ ਲਈ ਚੜ੍ਹੇ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਇਨੋਵਾ ਗੱਡੀ ਪੀਬੀ 01 ਸੀ 3377 ਰੰਗ ਚਿੱਟਾ, ਜਿਸ ਨੂੰ ਬਲਵੀਰ ਸਿੰਘ ਬੱਲੂ ਪੁੱਤਰ ਸੁਰਜੀਤ ਸਿੰਘ ਵਾਸੀ ਝਿੰਗੜ ਚਲਾ ਰਿਹਾ ਸੀ, ਨਾਲ ਭਿਆਨਕ ਟੱਕਰ ਹੋ ਗਈ।
ਜਿਸ ਕਾਰਨ ਐਕਟਿਵਾ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਨੋਵਾ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲਾਸ਼ਾਂ ਨੂੰ ਸਿਵਲ ਹਸਪਤਾਲ ਦਸੂਹਾ ਦੇ ਮੁਰਦਾਘਰ ਵਿਖੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਵਾਰਿਸਾਂ ਦੇ ਬਿਆਨਾਂ ਦੇ ਆਧਾਰ ’ਤੇ ਗੱਡੀ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।