ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਂ ਬੋਲੀ ਪੰਜਾਬੀ ‘ਚ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਸੰਸਦ ਵਲੋਂ ਪੰਜਾਬੀ ‘ਚ ਦਸਤਾਵੇਜ਼ ਮੁਹੱਈਆ ਕਰਵਾਏ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਸਪੀਕਰ ਵੈਂਕਈਆ ਨਾਇਡੂ ਦਾ ਧੰਨਵਾਦ ਕੀਤਾ। ਨਵੰਬਰ ਮਹੀਨੇ ਸੰਤ ਬਲਬੀਰ ਸਿੰਘ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਕੋਲ ਵੀ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ ਸੀ। ਸੰਤ ਸੀਚੇਵਾਲ ਨੇ ਸੰਸਦ ਦੇ ਸੈਸ਼ਨ ਦੌਰਾਨ ਭਾਸ਼ਾ ਦੀ ਆ ਰਹੀ ਸਮੱਸਿਆ ਬਾਰੇ ਜਗਦੀਪ ਧਨਖੜ ਨਾਲ ਗੱਲਬਾਤ ਕੀਤੀ। ਜਗਦੀਪ ਧਨਖੜ ਉੱਪ ਰਾਸ਼ਟਰਪਤੀ ਦੇ ਨਾਲ-ਨਾਲ ਰਾਜ ਸਭਾ ਦੇ ਸਪੀਕਰ ਵੀ ਹਨ।
ਸੰਤ ਸੀਚੇਵਾਲ ਨੇ ਰਾਜ ਸਭਾ ਦੇ ਸੈਸ਼ਨ ਦੌਰਾਨ ਪੰਜਾਬੀ ਭਾਸ਼ਾ ਦੇ ਦਸਤਾਵੇਜ਼ ਨਾ ਮਿਲਣ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਉਠਾਇਆ ਸੀ। ਉਸ ਵੇਲੇ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਖੇਤਰੀ ਭਾਸ਼ਾਵਾਂ ਦੀ ਵਕਾਲਤ ਕਰਦਿਆਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ‘ਚ ਮਾਂ ਬੋਲੀ ‘ਚ ਕੰਮ ਕਰਨ ਦੀ ਗੱਲ ਕੀਤੀ ਸੀ। ਹੁਣ ਵੀ ਉਨ੍ਹਾ ਨੇ ਜਗਦੀਪ ਧਨਖੜ ਦੇ ਧਿਆਨ ‘ਚ ਭਾਸ਼ਾ ਦੀ ਸਮੱਸਿਆ ਨੂੰ ਲਿਆਂਦਾ। ਜਿਸ ਦਾ ਜਗਦੀਪ ਧਨਖੜ ਵਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਸੀ।
ਦੂਜੇ ਪਾਸੇ ਵਿਰੋਧੀ ਦਲਾਂ ਨੇ ਇਹ ਆਸ ਵੀ ਜਤਾਈ ਕਿ ਵਿਰੋਧੀ ਧਿਰ ਨੂੰ ਦੋਹਾਂ ਸਦਨਾਂ ‘ਚ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮਿਲੇਗਾ ਅਤੇ ਮਹੱਤਵਪੂਰਨ ਬਿੱਲਾਂ ਦੀ ਪੜਤਾਲ ਲਈ ਉਨ੍ਹਾਂ ਨੂੰ ਸੰਸਦੀ ਕਮੇਟੀਆਂ ਕੋਲ ਭੇਜਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਹਿੱਸੇਦਾਰੀ ਦਾ ਵੱਧ ਮੌਕਾ ਮਿਲਣ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ 7 ਦਸੰਬਰ ਤੋਂ ਸ਼ੁਰੂ ਹੋਇਆ ਸੰਸਦ ਦਾ ਸਰਦ ਰੁੱਤ ਸੈਸ਼ਨ ਤੈਅ ਪ੍ਰੋਗਰਾਮ ਅਨੁਸਾਰ 29 ਦਸੰਬਰ ਤੱਕ ਚੱਲੇਗਾ।