ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਬਿਹਾਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਧਨਿਕ ਲਾਲ ਮੰਡਲ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਧਨਿਕ ਲਾਲ ਮੰਡਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਦੱਤਾਤ੍ਰੇਯ ਨੇ ਟਵੀਟ ਕੀਤਾ, ‘‘ਹਰਿਆਣਾ ਦੇ ਸਾਬਕਾ ਰਾਜਪਾਲ ਧਨਿਕ ਲਾਲ ਮੰਡਲ ਜੀ ਦੇ ਦੇਹਾਂਤ ’ਤੇ ਡੂੰਘਾ ਦੁੱਖ ਹੋਇਆ ਹੈ। ਦੁਖੀ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਮੇਰੀ ਦਿਲੀ ਸੰਵੇਦਨਾ ! ਪ੍ਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ। ਓਮ ਸ਼ਾਂਤੀ। ’’
ਇਸਦੇ ਨਾਲ ਹੀ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਮੰਡਲ ਨੂੰ ਇੱਕ ਯੋਗ ਸਿਆਸਤਦਾਨ, ਪ੍ਰਸ਼ਾਸਕ ਅਤੇ ਇੱਕ ਸਮਾਜ ਸੇਵਕ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। CM ਖੱਟਰ ਨੇ ਟਵੀਟ ਵਿੱਚ ਕਿਹਾ, “ਹਰਿਆਣਾ ਦੇ ਸਾਬਕਾ ਰਾਜਪਾਲ ਧਨਿਕ ਲਾਲ ਮੰਡਲ ਜੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।’’ ਮੰਡਲ ਨੇ 1990 ਤੋਂ 1995 ਦਰਮਿਆਨ ਹਰਿਆਣਾ ਦੇ ਰਾਜਪਾਲ ਵਜੋਂ ਸੇਵਾ ਨਿਭਾਈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਸਮਾਜਵਾਦੀ ਨੇਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ ਹੈ। 30 ਮਾਰਚ, 1932 ਨੂੰ ਬਿਹਾਰ ਦੇ ਮਧੂਬਨੀ ਦੇ ਬੇਲਹਾ ਵਿੱਚ ਜਨਮੇ, ਮੰਡਲ 1967, 1969 ਅਤੇ 1972 ਵਿੱਚ ਬਿਹਾਰ ਵਿਧਾਨ ਸਭਾ ਲਈ ਤਿੰਨ ਵਾਰ ਚੁਣੇ ਗਏ ਸਨ। ਉਹ 1967 ਵਿੱਚ ਬਿਹਾਰ ਵਿਧਾਨ ਸਭਾ ਦੇ ਸਪੀਕਰ ਬਣੇ। ਮੰਡਲ 1977 ਵਿੱਚ ਲੋਕ ਸਭਾ ਲਈ ਚੁਣੇ ਗਏ ਅਤੇ ਜਨਵਰੀ 1980 ਤੱਕ ਗ੍ਰਹਿ ਰਾਜ ਮੰਤਰੀ ਵਜੋਂ ਸੇਵਾ ਨਿਭਾਈ। ਉਹ 1980 ਵਿੱਚ ਦੂਜੀ ਵਾਰ ਲੋਕ ਸਭਾ ਲਈ ਚੁਣੇ ਗਏ।