ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਜਿਸ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਜੋ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਾਂ ਪਾਉਣ ਲਈ ਅੱਜ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹਲਕੇ ਵਿਚ 1766 ਪੋਲਿੰਗ ਬੂਥ ਬਣਾਏ ਗਏ ਹਨ ਜਿਹਨਾਂ ਵਿਚੋਂ 296 ਸੰਵੇਦਨਸ਼ੀਲ ਐਲਾਨ ਗਏ ਹਨ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਸ ਸੀਟ ‘ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ‘ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ।
ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਆਮ ਆਦਮੀ ਪਾਰਟੀ ਵੱਲੋਂ ਇੱਥੋਂ ਜ਼ਿਲ੍ਹਾ ਪ੍ਰਧਾਨ ਤੇ ਸਰਪੰਚ ਗੁਰਮੇਲ ਸਿੰਘ ,ਕਾਂਗਰਸ ਵੱਲੋਂ ਦਲਵੀਰ ਗੋਲਡੀ, ਭਾਜਪਾ ਵੱਲੋਂ ਕੇਵਲ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਮਾਨ ਅਤੇ ਅਕਾਲੀ ਦਲ ਵੱਲੋਂ ਕਮਲਜੀਤ ਕੌਰ ਰਾਜੋਆਣਾ ਚੋਣ ਮੈਦਾਨ ‘ਚ ਹਨ।
ਪ੍ਰਸ਼ਾਸਨ ਵੱਲੋਂ ਕੀ ਤਿਆਰੀ ਕੀਤੀ ਗਈ ਹੈ ?
ਪ੍ਰਸ਼ਾਸਨ ਵੱਲੋਂ 1766 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ,ਜਿਨ੍ਹਾਂ ‘ਚ 296 ਬੂਥ ਸੰਵੇਦਨਸ਼ੀਲ ਹਨ।
ਹਰ ਪੋਲਿੰਗ ਸਟੇਸ਼ਨ ‘ਤੇ 2 ਬੈਲੇਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇੱਕ VVPAT ਮੌਜੂਦ ਹੈ।
76 ਪੋਲਿੰਗ ਸਟੇਸ਼ਨਾਂ ‘ਤੇ ਮਾਈਕ੍ਰੋ ਆਬਜ਼ਰਵਰ ਤਾਇਨਾਤ, ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈੱਬਕਾਸਟਿੰਗ ਹੋਵੇਗੀ।
7064 ਅਫਸਰ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 1413 ਚੋਣ ਅਮਲੇ ਨੂੰ ਰਿਜ਼ਰਵ ਰੱਖਿਆ ਗਿਆ। ਇਸਦੇ ਨਾਲ ਹੀ ਦੱਸ ਦਈਏ ਕਿ ਬਰਨਾਲਾ ‘ਚ 3, ਸੰਗਰੂਰ- 5 , ਮਲੇਰਕੋਟਲਾ ‘ਚ ਇੱਕ ਕਾਊਂਟਿੰਗ ਸੈਂਟਰ ਸਥਾਪਿਤ ਕੀਤੇ ਗਏ।
ਸੰਗਰੂਰ ਲੋਕਸਭਾ ਸੀਟ ਦਾ ਇਤਿਹਾਸ
1967 ‘ਚ ਪਹਿਲੀ ਵਾਰ ਅਕਾਲੀ ਦਲ ਜਿੱਤਿਆ
1971 ‘ਚ ਸੀਪੀਆਈ, 1977 ‘ਚ ਸ਼੍ਰੋਮਣੀ ਅਕਾਲੀ ਦਲ ,1980 ‘ਚ ਕਾਂਗਰਸ
1985 ‘ਚ ਸ਼੍ਰੋਮਣੀ ਅਕਾਲੀ ਦਲ, 1989 ‘ਚ ਵੀ ਸ਼੍ਰੋਮਣੀ ਅਕਾਲੀ ਦਲ (ਮਾਨ)
1991 ‘ਚ ਕਾਂਗਰਸ ਨੇ ਜਿੱਤ ਕੀਤੀ ਹਾਸਿਲ
1996 ਤੇ 1998 ‘ਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ
1999 ‘ਚ ਸ਼੍ਰੋਮਣੀ ਅਕਾਲੀ ਦਲ (ਮਾਨ)
2004 ‘ਚ ਸ਼੍ਰੋਮਣੀ ਅਕਾਲੀ ਦਲ, 2009 ‘ਚ ਕਾਂਗਰਸ ਜਿੱਤੀ
2014 ਤੇ 2019 ‘ਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਿੱਤੇ