ਡਾ.ਬਲਜੀਤ ਕੌਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 1.29 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਲਾਕਾਂ ਮਲੋਟ ਲੰਬੀ, ਗਿੱਦੜਾਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਚੱਲ ਰਹੇ ਵਿਕਾਸ ਦੇ ਕੰਮ ਜਿਵੇ ਟੁਆਲਿਟ ਬਲਾਕ ਦੀ ਉਸਾਰੀ, ਛੱਪੜ ਦੀ ਚਾਰਦੀਵਾਰੀ, ਗਲੀਆਂ ਤੇ ਨਾਲੀਆਂ ਦੇ ਨਿਰਮਾਣ, ਡਰੇਨ ਪਾਈਪ ਲਾਈਨ, ਸਟਰੀਟ ਲਾਈਟਾਂ, ਨਿਕਾਸੀ ਨਾਲੇ ਦੀ ਉਸਾਰੀ, ਫਿਲਟਰ ਪਾਣੀ ਅਤੇ ਨਵਾਂ ਓ.ਐਚ.ਐਸ.ਆਰ. ਸਿਸਟਮ, ਪੀ.ਵੀ.ਸੀ. ਪਾਇਪ ਲਾਈਨ ਆਦਿ ਲਈ ਜਾਰੀ ਕੀਤੀ ਗਈ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਦੇ ਪਿੰਡ ਖੇਮਾ ਖੇੜਾ ਅਤੇ ਮਹਿਮੂਦ ਖੇੜਾ ਲਈ 28 ਲੱਖ 98 ਹਜ਼ਾਰ, ਬਲਾਕ ਗਿੱਦੜਬਾਹਾ ਦੇ ਪਿੰਡ ਬਬਾਣੀਆਂ ਲਈ 13 ਲੱਖ 62 ਹਜ਼ਾਰ 133 ਰੁਪਏ, ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇਵਾਲਾ, ਚੱਕ ਜਵਾਹਰ ਸਿੰਘ ਵਾਲਾ, ਡੋਡਾਂਵਾਲੀ ਅਤੇ ਚੱਕ ਗਾਂਧਾ ਸਿੰਘ ਵਾਲਾ ਲਈ 49 ਲੱਖ 96 ਹਜ਼ਾਰ ਰੁਪਏ ਅਤੇ ਬਲਾਕ ਮਲੋਟ ਦੇ ਪਿੰਡ ਰੱਥੜੀਆਂ, ਘੁਮਿਆਰ ਖੇੜਾ ਅਤੇ ਖਾਨੇ ਕੀ ਢਾਬ ਲਈ 36 ਲੱਖ 64 ਹਜ਼ਾਰ 272 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਨਵੀਨੀਂਕਰਨ ਨਾਲ ਪਿੰਡਾਂ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਅਤੇ ਸਾਫ ਸਫਾਈ ਰਹਿਣ ਨਾਲ ਪਿੰਡ ਵਾਸੀ ਤੰਦਰੁਸਤ ਰਹਿਣਗੇ ਅਤੇ ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।