ਪੰਜਾਬ ਵਿੱਚ ਸੀਤ ਲਹਿਰ ਜਾਰੀ ਹੈ। ਸ਼ੁੱਕਰਵਾਰ ਨੂੰ ਹੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਕੜਾਕੇ ਦੀ ਠੰਡ ਨੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਰੂਪਨਗਰ ਅਤੇ ਸੰਗਰੂਰ ਵਿੱਚ ਅੱਧੀ ਰਾਤ ਤੋਂ ਹੀ ਧੁੰਦ ਛਾਈ ਹੋਈ ਸੀ।
ਪਠਾਨਕੋਟ ‘ਚ ਧੁੰਦ ਕਾਰਨ ਸ਼ਨੀਵਾਰ ਸਵੇਰੇ 7 ਵਜੇ ਸ਼ਹਿਰ ਦੀਆਂ ਕਈ ਸੜਕਾਂ ‘ਤੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ। ਪੰਜਾਬ ‘ਚ ਸ਼ਨੀਵਾਰ ਨੂੰ ਕਰੀਬ ਦੋ ਘੰਟੇ ਧੁੱਪ ਨਿਕਲਣ ਕਾਰਨ ਵੱਧ ਤੋਂ ਵੱਧ ਤਾਪਮਾਨ ‘ਚ 1.1 ਡਿਗਰੀ ਦਾ ਵਾਧਾ ਹੋਇਆ ਪਰ ਫਿਰ ਵੀ ਇਹ ਆਮ ਨਾਲੋਂ 7.4 ਡਿਗਰੀ ਘੱਟ ਰਿਹਾ। ਅੰਮ੍ਰਿਤਸਰ 9.2 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਜ਼ਿਆਦਾਤਰ ਥਾਵਾਂ ‘ਤੇ ਸੰਘਣੀ ਧੁੰਦ ਅਤੇ ਸਰਦ ਦਿਨ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਮੀਂਹ ਤੋਂ ਬਾਅਦ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7.4 ਡਿਗਰੀ ਘੱਟ ਗਿਆ। ਜਿੱਥੇ ਲੁਧਿਆਣਾ ਵਿੱਚ ਤਾਪਮਾਨ 13.0 ਡਿਗਰੀ ਰਿਹਾ ਜੋ ਕਿ ਆਮ ਨਾਲੋਂ 4.1 ਡਿਗਰੀ ਘੱਟ ਸੀ, ਜਦਕਿ ਪਟਿਆਲਾ ਵਿੱਚ ਤਾਪਮਾਨ 13.3 ਡਿਗਰੀ ਰਿਹਾ ਜੋ ਆਮ ਨਾਲੋਂ 4.4 ਡਿਗਰੀ ਘੱਟ ਸੀ। ਬਠਿੰਡਾ ਦਾ ਪਾਰਾ 10.0 ਡਿਗਰੀ ਦਰਜ ਕੀਤਾ ਗਿਆ।। ਪਠਾਨਕੋਟ ਵਿੱਚ 12.7 ਡਿਗਰੀ ਅਤੇ ਗੁਰਦਾਸਪੁਰ ਵਿੱਚ 9.5 ਡਿਗਰੀ ਰਿਹਾ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 14.6 ਡਿਗਰੀ ਰਿਹਾ।